ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : 22 ਮਾਰਚ ਤੋਂ ਪੰਜਾਬ ਰਾਜ ਵਿਚ ਕਰਫਿਊ ਲੱਗਣ ਤੋਂ ਬਾਅਦ ਲਾਕਡਾਉਨ ਲਾਗੂ ਹੋਣ ਕਾਰਣ ਆਮ ਜਨਜੀਵਨ ਕਾਫੀ ਹੱਦ ਤੱਕ ਹਰ ਪੱਖੋ ਹੀ ਪ੍ਰਭਾਵਿਤ ਰਿਹਾ। ਇਸ ਲਾਕਡਾਊਨ ਅਤੇ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਸਿਹਤ ਸੁਰੱਖਿਆ ਅਧਿਕਾਰੀਆਂ/ਕਰਮਚਾਰੀਆਂ ਅਤੇ ਹੋਰ ਬਹੁਤ ਸਾਰੀਆਂ ਐਨ-ਜੀ-ਓਜ਼ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਆਮ ਲੋਕਾਂ ਦੀ ਵੱਖ ਵੱਖ ਤਰੀਕਿਆਂ ਨਾਲ ਮੱਦਦ ਕਰਕੇ ਮੁਸ਼ਕਿਲਾਂ ਘਟਾਈਆਂ ਗਈਆਂ।

ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਜਿਹੜੇ ਕਿ ਇਸ ਲੜਾਈ ਵਿੱਚ ਮੂਹਰਲੀ ਕਤਾਰ ਵਿੱਚ ਖੜ੍ਹ ਕੇ ਲੜ ਰਹੇ ਸਨ ਦੇ ਸਨਮਾਨ ਵਜੋਂ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ਼ ਬਹਾਦੁਰਗੜ੍ਹ ਦੇ ਕੈਮੀਕਲ ਵਿਭਾਗ ਦੂਜੇ ਸਾਲ ਦੇ ਵਿਦਿਆਰਥੀ ਮਾਨਕ ਸ਼ਾਹ ਨੇ ਆਪਣੀ ਲਿਖੀ ਪੁਸਤਕ ਨੂੰ ਸਨਮਾਨ ਵਜੋਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੂੰ ਭੇਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਪਤਾਨ ਪੁਲਿਸ ਮੋਗਾ ਹਰਮਨਬੀਰ ਸਿੰਘ ਗਿੱਲ, ਡੀ.ਐਸ.ਪੀ. ਪਰਮਜੀਤ ਸਿੰਘ, ਡਾਕਟਰ ਸੀਮਾਂਤ ਗਰਗ, ਰਿਸ਼ਬ ਗਰਗ ਵਕੀਲ, ਜੈ ਗੋਇਲ ਵਕੀਲ, ਗੌਰਵ ਗਰਗ ਅਤੇ ਸ਼੍ਰੀ ਰਾਜ ਕੁਮਾਰ ਅਰੋੜਾ ਸਮਾਜਿਕ ਸੰਸਥਾਵਾਂ ਨਾਲ ਸੰਬੰਧਤ, ਐੱਸ.ਕੇ. ਬਾਂਸਲ ਨੂੰ ਆਪਣੇ ਵਲੋਂ ਲਿਖੀ ਕਵਿਤਾ ਪੁਸਤਕ ਰੂਪ ਵਿਚ ਭੇਟ ਕਰਕੇ ਸਨਮਾਨਿਤ ਕੀਤਾ।ਮਾਨਕ ਸ਼ਾਹ ਨੇ ਦੱਸਿਆ ਕਿ ਇਹ ਪੁਸਤਕ ਪ੍ਰਸ਼ਾਸਨਿਕ, ਪੁਲਿਸ, ਸਿਹਤ ਵਿਭਾਗ, ਐਨ.ਜੀ.ਓ. ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਮਨੋਬਲ ਉੱਚਾ ਚੁੱਕਣ ਲਈ ਲਿਖੀ ਗਈ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮਾਨਕ ਸ਼ਾਹ ਦੀ ਲਿਖੀ ਕਵਿਤਾ ਦੀ ਤਾਰੀਫ਼ ਕਰਦੇ ਹੋਏ ਆਪਣੀਆਂ ਸ਼ੁਭ ਕਾਮਨਾਵਾਂ ਉਸ ਨੂੰ ਦਿੱਤੀਆਂ।