ਲਖਵੀਰ ਸਿੰਘ, ਮੋਗਾ : ਜ਼ਿਲ੍ਹਾ ਅਤੇ ਵਧੀਕ ਸੈਸ਼ਨ ਜੱਜ ਸੋਨੀਆ ਕਿਨਰਾ ਦੀ ਅਦਾਲਤ ਨੇ ਥਾਣਾ ਮੈਹਿਣਾ ਪੁਲਿਸ ਵੱਲੋਂ ਕਤਲ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਦੋ ਵਿਅਕਤੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੇ ਅਧਾਰ 'ਤੇ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ 14500 ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।

ਅਦਾਲਤ ਨੇ ਦੋਸ਼ੀਆਂ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ 6-6 ਮਹੀਨੇ ਦੀ ਵਾਧੂ ਕੈਦ ਵੀ ਕੱਟਣ ਦਾ ਹੁਕਮ ਦਿੱਤਾ ਹੈ ਜਦਕਿ ਇਸੇ ਮਾਮਲੇ ਵਿਚ ਸ਼ਾਮਲ ਤੀਜੇ ਵਿਅਕਤੀ ਨੂੰ ਸਬੂਤਾਂ ਦੀ ਭਾਰੀ ਘਾਟ ਕਾਰਨ ਬਰੀ ਕਰਨ ਦਾ ਹੁਕਮ ਦਿੱਤਾ।

ਜਾਣਕਾਰੀ ਅਨੁਸਾਰ ਥਾਣਾ ਮੈਹਿਣਾ ਪੁਲਿਸ ਨੂੰ 3 ਜੂਨ 2015 ਨੂੰ ਸੰਤੋਖ ਸਿੰਘ ਪੁੱਤਰ ਅਮਰ ਸਿੰਘ ਵਾਸੀ ਦੋਸਾਂਝ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਦੇ ਹੀ ਬਲਦੇਵ ਸਿੰਘ, ਦਰਸ਼ਨ ਸਿੰਘ ਦਾ ਜ਼ਮੀਨ ਨੂੰ ਜਾਂਦੀ ਪਹੀ ਦੇ ਝਗੜੇ ਸਬੰਧੀ ਕੇਸ ਮੋਗਾ ਅਦਾਲਤ ਵਿਚ ਚਲਦਾ ਸੀ। ਜਦ ਉਹ ਆਦਲਤ ਵਿਚ ਪੇਸ਼ੀ ਭੁਗਤਣ ਪੁੱਜੇ ਤਾਂ ਉਥੇ ਧਰਮਿੰਦਰ ਸਿੰਘ ਉਰਫ ਬਾਜ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਅੱਜ ਤੱਕ ਜਿਨ੍ਹਾਂ ਨੇ ਸਾਡੇ ਖਿਲਾਫ਼ ਗਵਾਹੀ ਦਿੱਤੀ ਹੈ ਉਨ੍ਹਾਂ ਨੂੰ ਅਸੀਂ ਬਖਸ਼ਿਆ ਨਹੀਂ।

ਵਾਪਸੀ 'ਤੇ ਧਰਮਿੰਦਰ ਸਿੰਘ ਤੇ ਅਵਤਾਰ ਸਿੰਘ ਤਾਰੀ ਆਏ ਤੇ ਉਨ੍ਹਾਂ ਦੀ ਸਕੂਟਰੀ ਰੋਕ ਕੇ ਪਿਸਤੌਲਾਂ ਨਾਲ ਬਲਦੇਵ ਸਿੰਘ 'ਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੇ ਹੋਏ ਬਲਦੇਵ ਸਿੰਘ ਦਾ ਪਿਸਤੌਲ ਵੀ ਨਾਲ ਲੈ ਗਏ। ਜਿਸ 'ਤੇ ਪੁਲਿਸ ਨੇ ਅਵਤਾਰ ਸਿੰਘ, ਧਰਮਿੰਦਰ ਸਿੰਘ ਅਤੇ ਕ੍ਰਿਪਾਲ ਸਿੰਘ ਖਿਲਾਫ਼ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਉਕਤ ਅਦਾਲਤ ਵਿਚ ਚਲਦੀ ਸੀ।