ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ

ਕਿਸਾਨ ਅਤੇ ਆੜਤੀਏ ਜਿੱਥੇੇ ਕੇਂਦਰ ਸਾਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹਨ , ਉੱਥੇ ਹੀ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ 'ਚ ਵੱਡੀਆਂ ਕਮੀਆਂ ਦੇ ਕਾਰਨ ਪੇ੍ਸ਼ਾਨੀ ਦੇ ਆਲਮ 'ਚੋਂ ਗੁਜਰ ਰਹੇ ਹਨ। ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਦੀ ਅਨਾਜ ਮੰਡੀ 'ਚ ਬਾਰਦਾਨੇ ਦੀ ਘਾਟ ਨੇ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਲਈ ਵੱਡੀ ਦਿੱਕਤ ਖੜੀ ਕਰ ਦਿੱਤੀ ਹੈ। ਆੜਤੀਆ ਐਸੋਸੀਏਸ਼ਨ ਬੱਧਨੀ ਕਲਾਂ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਹੁਕਮਾਂ 'ਤੇ ਕਣਕ ਦੀ ਸਰਕਾਰੀ ਖਰੀਦ 10 ਅਪ੍ਰਰੈਲ ਤੋਂ ਸ਼ੁਰੂ ਕੀਤੀ ਗਈ। ਜਦੋਂ ਕਣਕ ਦੀ ਆਮਦ ਮੰਡੀਆਂ 'ਚ ਸ਼ੁਰੂ ਹੋਈ ਹੈ ਤਾਂ ਹੁਣ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਬਾਰਦਾਨੇ ਦੀ ਘਾਟ ਹੋਣ ਦਾ ਕਹਿ ਕੇ ਕਿਸਾਨਾਂ ਤੇ ਆੜਤੀਆਂ ਨੂੰ ਜਾਣਬੁੱਝ ਕੇ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬੱਧਨੀ ਕਲਾਂ ਦੀ ਅਨਾਜ ਮੰਡੀ 'ਚ ਪਨਸਪ, ਪੰਜਾਬ ਸਟੇਟ ਵੇਅਰ ਹਾਊਸ ਤੇ ਐਫ.ਸੀ ਆਈ ਕਣਕ ਦੀ ਖਰੀਦ ਕਰਨ ਲਈ ਇਹ ਤਿੰਨ ਏਜੰਸੀਆਂ ਹਨ। ਐਫ.ਸੀ ਆਈ ਵੱਲੋਂ ਤਾਂ ਹਾਲੇ ਤੱਕ ਕਣਕ ਦੀ ਖਰੀਦ ਸ਼ੁਰੂ ਹੀ ਨਹੀਂ ਕੀਤੀ ਗਈ। ਐਫ.ਸੀ ਆਈ ਦੇ ਖਰੀਦ ਅਧਿਕਾਰੀ ਨਾਲ ਕਣਕ ਦੀ ਖਰੀਦ ਲਈ ਜਦੋਂ ਆੜਤੀਏ ਮਿਲੇ ਤਾਂ ਉਨਾਂ ਮਹਿਕਮੇ ਦੀ ਸਾਈਟ 'ਚ ਕੋਈ ਤਕਨੀਕੀ ਖਰਾਬੀ ਹੋਣ ਕਾਰਨ ਉਨਾਂ ਖਰੀਦ ਕਰਨ ਤੋਂ ਨਾਂਹ ਕਰ ਦਿੱਤੀ , ਜਿਸ ਕਾਰਨ ਐਫ.ਸੀ ਆਈ ਵੱਲੋਂ ਹਾਲੇ ਤੱਕ ਬੱਧਨੀ ਕਲਾਂ ਦੀ ਦਾਣਾ ਮੰਡੀ 'ਚੋਂ ਕਣਕ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਗਿਆ। ਉਨਾਂ ਦੱਸਿਆ ਕਿ ਪਨਸਪ ਤੇ ਵੇਅਰ ਹਾਊਸ ਦੇ ਅਧਿਕਾਰੀਆਂ ਵੱਲੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਹੋਈ ਹੈ, ਪਰ ਹੁਣ ਉਨਾਂ ਵੱਲੋਂ ਵੀ ਬਾਰਦਾਨੇ ਦੀ ਘਾਟ ਦਾ ਕਹਿ ਕੇ ਕਿਸਾਨਾਂ ਤੇ ਆੜਤੀਆਂ ਨੂੰ ਬੇਹੱਦ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਬੱਧਨੀ ਕਲਾਂ ਦੀ ਦਾਣਾ ਮੰਡੀ 'ਚ ਇੱਕ ਲੱਖ ਦੇ ਕਰੀਬ ਕਣਕ ਦਾ ਗੱਟਾ ਭਰਨ ਵਾਲਾ ਪਿਆ ਹੈ, ਬਾਰਦਾਨੇ ਦੀ ਘਾਟ ਨੇ ਵੱਡੀ ਪੇ੍ਸ਼ਾਨੀ ਖੜੀ ਕਰ ਦਿੱਤੀ ਹੈ।

ਮੰਡੀ 'ਚ ਕਣਕ ਦੇ ਢੇਰਾਂ ਕੋਲ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਕਮੀ ਦੇ ਕਾਰਨ ਉਹ ਰਾਤਾਂ ਨੂੰ ਕਣਕ ਦੀ ਰਾਖੀ ਕਰਨ ਲਈ ਮਜਬੂਰ ਹਨ। ਕਿਸਾਨਾਂ ਤੇ ਆੜਤੀਆਂ ਨੇ ਕਿਹਾ ਕਿ ਜੇਕਰ ਖਰੀਦ ਏਜੰਸੀਆਂ ਵੱਲੋਂ ਬਾਰਦਾਨੇ ਦਾ ਜਲਦੀ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦੇ ਰਾਹ ਤੁਰਨਗੇ।

ਕੀ ਕਹਿਣਾ ਪਨਸਪ ਖ਼ਰੀਦ ਅਧਿਕਾਰੀ ਦਾ

ਇਸ ਸਬੰਧੀ ਪਨਸਪ ਦੇ ਖਰੀਦ ਅਧਿਕਾਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਨਵਾਂ ਬਾਰਦਾਨਾ ਖਤਮ ਹੋ ਗਿਆ ਹੈ ਅਤੇ ਹੁਣ ਪੁਰਾਣੇ ਬਾਰਦਾਨੇ 'ਚ ਕਣਕ ਭਰਾਉਣ ਦੀ ਆਗਿਆ ਮਿਲ ਗਈ ਹੈ ਅਤੇ ਬਹੁਤ ਜਲਦ ਬੱਧਨੀ ਕਲਾਂ ਮੰਡੀ 'ਚ ਬਾਰਦਾਨੇ ਦੀ ਕਮੀ ਦੂਰ ਹੋ ਜਾਵੇਗੀ।

ਕੀ ਕਹਿਣਾ ਵੇਅਰ ਹਾਊਸ ਦੇ ਖ਼ਰੀਦ ਅਧਿਕਾਰੀ ਦਾ

ਬਾਰਦਾਨੇ ਦੀ ਘਾਟ ਸਬੰਧੀ ਵੇਅਰ ਹਾਊਸ ਦੇ ਖਰੀਦ ਅਧਿਕਾਰੀ ਕੁਲਵਿੰਦਰ ਸਿੰਘ ਨੇ ਕਿਹਾ ਅੱਜ ਪੁਰਾਣੇ ਬਾਰਦਾਨੇ ਦੇ ਟੈਂਡਰ ਹੋ ਗਏ ਹਨ ਅਤੇ ਜਲਦੀ ਹੀ ਬਾਰਦਾਨੇ ਦੀ ਘਾਟ ਦੂਰ ਹੋ ਜਾਵੇਗੀ।

ਕੀ ਕਹਿਣਾ ਐੱਫਸੀਆਈ ਖ਼ਰੀਦ ਅਧਿਕਾਰੀ ਦਾ

ਕਣਕ ਦੀ ਬੋਲੀ ਨਾ ਲਗਾਉਣ ਸਬੰਧੀ ਐਫ.ਸੀ ਆਈ ਦੇ ਖਰੀਦ ਅਧਿਕਾਰੀ ਉਮਾਂ ਕਾਂਤ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪਹਿਲਾਂ ਪੋਰਟਲ 'ਚ ਬਾਰਦਾਨੇ ਸਬੰਧੀ ਦਿੱਕਤ ਆ ਰਹੀ ਸੀ ਪਰ ਹੁਣ ਠੀਕ ਹੋ ਗਿਆ ਹੈ ਤੇ ਅੱਜ 10 ਹਜਾਰ ਗੱਟੇ ਕਣਕ ਦੀ ਖਰੀਦ ਕੀਤੀ ਗਈ ਹੈ।