ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਮਜ਼ਦੂਰ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਧਰਮਕੋਟ ਦੇ ਪਿੰਡ ਚੱਕ ਕੰਨੀਆਂ ਦੇ ਖੇਤਾਂ ਵਿੱਚ ਸੋਮਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪਸ਼ੂਆਂ ਲਈ ਸਾਈਲੇਜ (ਚਾਰੇ ਦਾ ਆਚਾਰ) ਤਿਆਰ ਕਰਨ ਦੌਰਾਨ ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Tue, 09 Jun 2026 08:43 PM (IST)
Updated Date: Tue, 09 Jun 2026 08:46 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਧਰਮਕੋਟ ਦੇ ਪਿੰਡ ਚੱਕ ਕੰਨੀਆਂ ਦੇ ਖੇਤਾਂ ਵਿੱਚ ਸੋਮਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪਸ਼ੂਆਂ ਲਈ ਸਾਈਲੇਜ (ਚਾਰੇ ਦਾ ਆਚਾਰ) ਤਿਆਰ ਕਰਨ ਦੌਰਾਨ ਚਾਰਾ ਕੱਟਣ ਵਾਲੀ ਟੋਕਾ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਸੀਲਾ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਵਜੋਂ ਹੋਈ ਹੈ। ਰਸੀਲਾ ਸਿੰਘ ਪਸ਼ੂਆਂ ਲਈ ਚਾਰੇ ਦਾ ਆਚਾਰ ਤਿਆਰ ਕਰਨ ਵਾਲੀ ਟੀਮ ਨਾਲ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮਿਹਨਤ ਮਜ਼ਦੂਰੀ ਕਰਦਾ ਸੀ। ਸੋਮਵਾਰ ਨੂੰ ਉਹ ਮਸ਼ੀਨ ਮਾਲਕ ਗੁਰਭੇਜ ਸਿੰਘ ਅਤੇ ਹੋਰ ਸਾਥੀਆਂ ਨਾਲ ਪਿੰਡ ਚੱਕ ਕੰਨੀਆਂ ਦੇ ਖੇਤਾਂ ਵਿੱਚ ਹਰੇ ਚਾਰੇ ਦੀ ਕਟਾਈ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਕੰਮ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੇਜ਼ ਰਫ਼ਤਾਰ ਨਾਲ ਚੱਲ ਰਹੀ ਟੋਕਾ ਮਸ਼ੀਨ ਦੀ ਲਪੇਟ ਵਿੱਚ ਆ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮਸ਼ੀਨ ਦੀ ਰਫ਼ਤਾਰ ਅਤੇ ਹਾਦਸੇ ਦੀ ਗੰਭੀਰਤਾ ਕਾਰਨ ਕੁਝ ਹੀ ਪਲਾਂ ਵਿੱਚ ਉਸ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਚਚੇਰੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਰਸੀਲਾ ਸਿੰਘ ਦੋ ਬੱਚਿਆਂ ਦਾ ਬਾਪ ਹੈ । ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਦੀ ਆਰਥਿਕ ਜ਼ਿੰਮੇਵਾਰੀ ਮੁੱਖ ਤੌਰ 'ਤੇ ਉਸੇ ਦੇ ਮੋਢਿਆਂ 'ਤੇ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਆਰਥਿਕ ਸਹਾਇਤਾ ਦਿੱਤੀ ਜਾਵੇ, ਤਾਂ ਜੋ ਇਸ ਮੁਸ਼ਕਲ ਘੜੀ ਵਿੱਚ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ।