ਪਵਨ ਗਰਗ, ਬਾਘਾਪੁਰਾਣਾ : ਪਿੰਡ ਭਲੂਰ 'ਚ ਪਿਛਲੇ ਸਾਲਾਂ ਤੋਂ ਚੱਲ ਰਹੇ ਜ਼ਮੀਨ ਦੇ ਵਾਦ-ਵਿਵਾਦ ਸਬੰਧੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਭਲੂਰ ਦੀ ਪੀੜਤ ਅੌਰਤ ਨਸੀਬ ਕੌਰ ਪਤਨੀ ਮੇਜਰ ਸਿੰਘ ਦੇ ਹੱਕ 'ਚ ਉਸ ਦੀ ਜ਼ਮੀਨ 'ਚ ਅਣਮਿੱਥੇ ਸਮੇਂ ਲਈ 24 ਘੰਟੇ ਦਾ ਧਰਨਾ ਲਾਇਆ ਹੈ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਨੇ ਦੱਸਿਆ ਕਿ ਨਸੀਬ ਕੌਰ ਦੇ ਜੇਠ ਦੇ ਲੜਕਿਆਂ ਵੱਲੋਂ ਧੋਖੇ ਨਾਲ ਉਨ੍ਹਾਂ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਗਈ ਸੀ। ਪੀੜਤ ਅੌਰਤ ਨਸੀਬ ਕੌਰ ਦੇ ਇਕ ਲੜਕੀ ਕਰਮਜੀਤ ਕੌਰ ਪੁੱਤਰ ਮੇਜਰ ਸਿੰਘ ਹੈ, ਜੋ ਕਿ ਨੱਥੂਵਾਲਾ ਪਿੰਡ ਵਿਚ ਵਿਆਹੀ ਹੋਈ ਹੈ। ਨਸੀਬ ਕੌਰ ਨੂੰ ਉਸ ਦੇ ਜੇਠ ਦੇ ਲੜਕਿਆਂ ਵੱਲੋਂ ਘਰੋਂ ਕੱਢ ਦਿੱਤਾ ਗਿਆ ਸੀ, ਜੋ ਕਿ ਹੁਣ ਉਹ ਆਪਣੀ ਲੜਕੀ ਕੋਲ ਨੱਥੂਵਾਲਾ ਗਰਬੀ ਵਿਖੇ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨਸੀਬ ਕੌਰ ਅਤੇ ਉਸ ਦੀ ਲੜਕੀ ਕਰਮਜੀਤ ਕੌਰ ਨੇ ਬਹੁਤ ਵਾਰ ਪ੍ਰਸ਼ਾਸਨ ਨੂੰ ਦਰਖਾਸਤਾਂ ਵਗੈਰਾ ਵੀ ਦਿੱਤੀਆਂ ਗਈਆਂ ਹਨ ਅਤੇ ਲੜਕੀ ਕਰਮਜੀਤ ਕੌਰ ਵੱਲੋਂ ਅਦਾਲਤ ਵਿਚ ਵੀ ਕੇਸ ਚੱਲ ਰਿਹਾ ਹੈ, ਪਰ ਪ੍ਰਸ਼ਾਸਨ ਨੇ ਹਾਲੇ ਤਕ ਕੋਈ ਸਾਰ ਨਹੀਂ ਲਈ ਸੀ ਪਰ ਧਰਨਾ ਲਾਉਣ ਤੋਂ ਬਾਅਦ ਅੱਜ ਥਾਣਾ ਸਮਾਲਸਰ ਦੇ ਮੁਖੀ ਅਤੇ ਵਿਰੋਧੀ ਧਿਰ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ 8 ਜੂਨ ਤਕ ਦਾ ਸਮਾਂ ਮੰਗਿਆ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ 8 ਜੂਨ ਤਕ ਮਾਮਲਾ ਹੱਲ ਨਾ ਕੀਤਾ ਗਿਆ ਤਾਂ 9 ਜੂਨ ਤੋਂ ਬਾਅਦ ਇਸ ਸੰਘਰਸ਼ ਨੂੰ ਤੇਜ਼ ਕਤਾ ਜਾਵੇਗਾ।

ਇਸ ਮਾਮਲੇ ਸਬੰਧੀ ਜਦੋਂ ਦੂਜੀ ਧਿਰ ਨਸੀਬ ਕੌਰ ਦੇ ਪਤੀ ਅਤੇ ਉਸ ਦੇ ਭਤੀਜਿਆਂ ਦਾ ਪੱਖ ਜਾਣਨਾ ਚਾਹਿਆ ਤਾਂ ਖੁਦ ਮੇਜਰ ਸਿੰਘ (ਨਸੀਬ ਕੌਰ ਦਾ ਪਤੀ) ਨੇ ਰਜਿਸਟਰੀ ਤੇ ਅਦਾਲਤ ਵੱਲੋਂ ਦਿੱਤੇ ਹੋਏ ਸਟੇਅ ਆਰਡਰ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਉਸ ਨੇ ਖੁਦ ਆਪਣੀ ਜ਼ਮੀਨ ਆਪਣੇ ਭਤੀਜਿਆਂ ਨੂੰ ਅੱਠ ਸਾਲ ਪਹਿਲਾਂ ਵੇਚੀ ਸੀ ਅਤੇ 54 ਲੱਖ ਰੁਪਏ ਨਕਦ ਪ੍ਰਰਾਪਤ ਕੀਤੇ ਸਨ, ਜਿਸ ਨਾਲ ਉਨ੍ਹਾਂ ਆਪਣੀ ਲੜਕੀ ਦਾ ਵਿਆਹ ਸ਼ਾਨੋ-ਸ਼ੌਕਤ ਨਾਲ ਕੀਤਾ ਸੀ। ਜਦੋਂ ਹੁਣ ਉਸ ਕੋਲ ਰੁਪਏ ਖਤਮ ਹੋ ਗਏ ਤਾਂ ਉਸ ਦੀ ਪਤਨੀ ਆਪਣੀ ਮਰਜ਼ੀ ਨਾਲ ਉਸ ਦੀ ਲੜਕੀ ਕੋਲ ਨੱਥੂਵਾਲੇ ਰਹਿਣ ਲੱਗ ਪਈ ਹੈ। ਸਾਡਾ ਅਦਾਲਤ ਵਿਚ ਕੇਸ ਚੱਲਦਾ ਹੈ, ਜਿਸ 'ਤੇ ਅਦਾਲਤ ਨੇ ਉਸ ਦੇ ਭਤੀਜਿਆਂ ਦੇ ਹੱਕ ਵਿਚ ਸਟੇਅ ਵੀ ਦਿੱਤਾ ਹੋਇਆ ਹੈ। ਅਦਾਲਤ ਜੋ ਵੀ ਫੈਸਲਾ ਕਰੇਗੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਤੀਜਿਆਂ ਨੂੰ ਮਨਜ਼ੂਰ ਹੋਵੇਗਾ।

ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਐੱਸਐੱਚਓ ਸਮਾਲਸਰ ਦਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਅੱਠ ਜੂਨ ਤਕ ਦੋਵੇਂ ਧਿਰਾਂ ਨੂੰ ਸਮਾਂ ਦਿੱਤਾ ਗਿਆ ਹੈ, ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਦੋਵੇਂ ਧਿਰਾਂ ਦਾ ਚੱਲ ਰਿਹਾ ਵਾਦ-ਵਿਵਾਦ ਦਾ ਨਬੇੜਾ ਕੀਤਾ ਜਾਵੇ। ਦੋਵੇਂ ਧਿਰਾਂ ਨੂੰ ਸ਼ਾਂਤਮਈ ਰਹਿਣ ਅਤੇ ਕਿਸੇ ਕਿਸਮ ਦੇ ਲੜਾਈ-ਝਗੜੇ ਤੋਂ ਬਚਣ ਦੀਆਂ ਹਦਾਇਤਾਂ ਕੀਤੀਆਂ ਗਈਆਂ।