ਪਵਨ ਗਰਗ, ਬਾਘਾਪੁਰਾਣਾ : ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਸਮਰਪਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲਜੀਤ ਬਰਾੜ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਜੋਸ਼ੀ ਹਿੰਮਤਪੁਰਾ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਤਿਰੰਗਾ ਯਾਤਰਾ ਪੈਦਲ ਕੱਢੀ ਗਈ। ਪ੍ਰਧਾਨ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਕੱਢੀ ਗਈ ਤਿਰੰਗਾ ਯਾਤਰਾ ਦੌਰਾਨ ਵਿਸ਼ੇਸ਼ ਇਹ ਗੱਲ ਰਹੀ ਹੈ ਕਿ ਕਮਲਜੀਤ ਸਿੰਘ ਬਰਾੜ ਦੇ ਹੱਥ ਵਿਚ ਤਿਰੰਗਾ ਝੰਡੇ ਸਮੇਤ ਹੱਥ ਵਿਚ ਕੇਸਰੀ ਝੰਡਾ ਵੀ ਫੜਿਆ ਹੋਇਆ ਸੀ।

ਦੱਸਣਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ ਵਾਸੀਆਂ ਨੂੰ ਹਰ ਘਰ 'ਤੇ ਤਿਰੰਗਾ ਲਹਿਰਾਉਣ ਲਈ ਕਿਹਾ ਗਿਆ ਸੀ, ਜਦਕਿ ਸੰਗਰੂਰ ਤੋਂ ਨਵੇਂ ਬਣੇ ਐੱਮਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਆਪਣੇ ਘਰ ਦੀ ਛੱਤ 'ਤੇ ਕੇਸਰੀ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਸੀ ਅਤੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਵੱਲੋਂ ਅੱਜ ਸ਼ਹਿਰ ਬਾਘਾਪੁਰਾਣਾ ਵਿਚ ਕੱਢੇ ਗਏ ਤਿਰੰਗਾ ਮਾਰਚ ਦੌਰਾਨ ਹੱਥ ਵਿਚ ਕੇਸਰੀ ਝੰਡੇ ਵੀ ਲਹਿਰਾ ਰਹੇ ਸਨ। ਯਾਤਰਾ ਦੀ ਸ਼ੁਰੂਆਤ ਸੁਭਾਸ਼ ਮੰਡੀ ਤੋਂ ਸ਼ੁਰੂ ਕੀਤੀ।

ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਲੰਮਾ ਸਮਾਂ ਆਜ਼ਾਦੀ ਦੀ ਲੜਾਈ ਲੜਨ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੇ ਛੋਟੀ ਉਮਰ ਵਿਚ ਇਸ ਦੇਸ਼ ਲਈ ਆਪਣੀ ਜਾਨ ਦੀ ਬਾਜ਼ੀ ਦਾ ਦਿੱਤੀ ਅਤੇ ਸ਼ਹੀਦੀਆਂ ਪ੍ਰਰਾਪਤ ਕੀਤੀਆਂ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿ ਉਹ ਤਕੜੇ ਹੋ ਕੇ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਅਪਣਾ ਯੋਗਦਾਨ ਪਾਉਣ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਕੇਸਰੀ ਨਿਸ਼ਾਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕੇਸਰੀ ਨਿਸ਼ਾਨ ਸਾਡੇ ਗੁਰੂਆਂ ਵੱਲੋਂ ਬਖਸ਼ਿਸ ਕੀਤਾ ਹੋਇਆ ਨਿਸ਼ਾਨ ਹੈ। ਜੋ ਵੀ ਜੰਗਾਂ ਸਾਡੇ ਗੁਰੂਆਂ ਵੱਲੋਂ ਲੜੀਆਂ ਜਾਂਦੀਆਂ ਰਹੀਆਂ ਹਨ, ਉਹ ਹਮੇਸ਼ਾ ਕੇਸਰੀ ਨਿਸ਼ਾਨ ਸਾਹਿਬ ਹੇਠ ਹੀ ਲੜੀਆਂ ਗਈਆਂ ਅਤੇ ਜਿੱਤਾਂ ਪ੍ਰਰਾਪਤ ਕੀਤੀਆਂ ਗਈਆਂ। ਇਸੇ ਕੇਸਰੀ ਨਿਸ਼ਾਨ ਸਾਹਿਬ ਹੇਠ ਗ਼ਰੀਬਾਂ-ਮਜ਼ਲੂਮਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਸੀਰਾ ਸਰਪੰਚ ਨੱਥੂਵਾਲਾ, ਕੇਸ਼ਵ ਸੂਦ, ਮਨਵੀਰ ਬਰਾੜ, ਬੱਬੂ ਸਰਪੰਚ, ਸੀਪਾ, ਕੁਲਵਿੰਦਰ ਸਿੰਘ, ਹੈਪੀ, ਲਖਵੀਰ ਸਿੰਘ ਸਰਪੰਚ ਸੁਖਾਨੰਦ ਆਦਿ ਮੌਜੂਦ ਸਨ।