ਵਕੀਲ ਮਹਿਰੋਂ, ਮੋਗਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਲੜਕੀਆਂ, ਸਰਕਾਰੀ ਆਈਟੀਆਈ (ਲੜਕੇ) ਮੋਗਾ ਵਿਖੇ ਜੇਐੱਨਯੂ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ 'ਤੇ ਭਾਜਪਾ ਵੱਲੋਂ ਕਰਵਾਏ ਹਮਲੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੋਦੀ-ਸ਼ਾਹ ਜੁੰਡਲੀ ਆਪਣੇ ਫਾਸ਼ੀਵਾਦੀ ਮਨਸੂਬਿਆਂ ਨੂੰ ਦੇਸ਼ 'ਤੇ ਥੋਪਣਾ ਚਾਹੁੰਦੀ ਹੈ ਅਤੇ ਇਹ ਸਾਰਾ ਕੁਝ ਉਹ ਹਿੰਦੂ, ਹਿੰਦੀ ਤੇ ਹਿੰਦੁਸਤਾਨ ਦੇ ਨਾਂ 'ਤੇ ਕਰ ਰਹੀ ਹੈ ਜਦਕਿ ਉਨ੍ਹਾਂ ਦੇ ਫਾਸ਼ੀਵਾਦ ਦਾ ਦੇਸ਼ ਦੇ ਕਿਰਤੀ ਹਿੰਦੂਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈਂ। ਮੋਦੀ-ਸ਼ਾਹ ਦਾ ਅਸਲ ਏਜੰਡਾ ਦੇਸੀ-ਵਿਦੇਸ਼ੀ ਕਾਰਪੋਰੇਟ ਦੀ ਸੇਵਾ ਤੇ ਮੁਲਕ ਦੇ ਕਿਰਤੀ ਲੋਕਾਂ 'ਚ ਵੰਡੀਆਂ ਪਾਉਣਾ ਹੈ ਅਤੇ ਸਾਨੂੰ ਹਿੰਦੂ ਵਰਗ 'ਚੋਂ ਮੋਦੀ-ਸ਼ਾਹ ਦੀ ਅਸਲ ਖ਼ਸਲਤ ਬੇਪਰਦ ਕਰਨੀ ਪਵੇਗੀ।

ਬੁਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਦੀਆਂ ਯੂਨੀਵਰਸਿਟੀਆਂ ਦਾ ਵਿਦਿਆਰਥੀ ਮੋਦੀ-ਸ਼ਾਹ ਦੇ ਏਜੰਡੇ ਦੀ ਅਸਲੀਅਤ ਨੂੰ ਸਮਝ ਹੀ ਨਹੀਂ ਚੁੱਕਾ ਬਲਕਿ ਸੰਘਰਸ਼ ਦੀ ਮੋਹਰਲੀ ਕਤਾਰ 'ਚ ਹੈ, ਇਸੇ ਕਰਕੇ ਪਹਿਲਾਂ ਜਾਮੀਆ ਮਿਲੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਨਿਸ਼ਾਨਾ ਬਣਾਏ ਗਏ ਤੇ ਹੁਣ ਜੇਐੱਨਯੂ 'ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਹਮਲੇ ਦੀ ਸਿਆਸੀ ਕੀਮਤ ਚੁਕਾਉਣੀ ਪਵੇਗੀ।

ਇਸ ਮੌਕੇ ਆਈਟੀਆਈ ਇੰਪਲਾਈਜ਼ ਯੂਨੀਅਨ ਦੇ ਆਗੂ ਨਿਰਮਲ ਸਿੰਘ, ਜਗਤਾਰ ਸਿੰਘ ਦੌਧਰ ਅਤੇ ਨਵ ਗਿੱਲ ਡਾਲਾ, ਖੁਸ਼ਦੀਪ ਸਿੰਘ, ਨਵਜੀਤ ਸਿੰਘ, ਬੇਅੰਤ ਕੌਰ, ਪਰਮਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Posted By: Seema Anand