ਕਾਕਾ ਰਾਮੂੰਵਾਲਾ, ਚੜਿੱਕ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਹੁਣ ਰਾਜ ਸਭਾ ਦੇ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸਮਸ਼ੇਰ ਸਿੰਘ ਦੂਲੋਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਖਿਲਾਫ ਕੀਤੀ ਜਾ ਰਹੀ ਜਨਤਕ ਬਿਆਨ ਬਾਜੀ ਨਾਲ ਪਾਰਟੀ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਮੋਗਾ ਦੇ ਸੀਨੀਅਰ ਕਾਂਗਰਸੀ ਆਗੂ ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਜਾਟ ਮਹਾਂ ਸਭਾ ਮੋਗਾ ਨੇ ਕਿਹਾ ਕਿ ਬਾਜਵਾ ਤੇ ਦੂਲੋਂ ਨੂੰ ਜਨਤਕ ਬਿਅਨਬਾਜੀ ਕਰਨ ਦੀ ਥਾਂ ਆਪਣਾ ਗਿਲਾ ਸ਼ਿਕਵਾ ਪਾਰਟੀ ਹਾਈ ਕਮਾਂਡ ਸਾਹਮਣੇ ਰੱਖਣਾ ਚਾਹੀਦਾ ਸੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ, ਅਹੁਦੇਦਾਰ, ਪ੍ਰਧਾਨ ਇੱਕ ਪਰਿਵਾਰ ਹੈ ਤੇ ਸਾਰਿਆਂ ਦੀ ਮਿਹਨਤ ਸਦਕਾ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਸੱਤਾ 'ਚ ਆਈ ਤੇ ਹੁਣ ਜਦ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਸਰਕਾਰ ਦਾ ਧਿਆਨ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਵੱਲ ਲੱਗਾ ਹੋਇਆ ਹੈ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਸਮੇਤ ਪੂਰੀ ਟੀਮ ਸਰਕਾਰ ਦਾ ਸਾਥ ਦੇ ਰਹੀ ਹੈ। ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਸੁਲਝੇ ਹੋਏ ਆਗੂ ਹਨ ਤੇ ਹੁਣ ਜਦੋਂ ਕਿ ਪਾਰਟੀ ਅਗਲੀਆਂ ਚੋਣਾਂ ਲਈ ਮਜਬੂਤ ਹੋ ਰਹੀ ਹੈ ਤਾਂ ਕਾਂਗਰਸ ਦੀ ਬਦੌਲਤ ਵੱਡੇ ਅਹੁਦਿਆਂ ਦਾ ਸੁੱਖ ਮਾਣ ਰਹੇ ਦੋਹਾਂ ਆਗੂਆਂ ਵਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਬੇਲੋੜੀ ਬਿਆਨ ਬਾਜੀ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕੇਂਦਰੀ ਹਾਈ ਕਮਾਂਡ ਨੂੰ ਬੇਨਤੀ ਕੀਤੀ ਕਿ ਦੋਹਾਂ ਆਗੂਆਂ ਦੀ ਬਿਆਨਬਾਜੀ ਦਾ ਨੋਟਿਸ ਲੈਂਦਿਆਂ ਸਖਤ ਐਕਸ਼ਨ ਲਵੇ ਤਾਂ ਜੋ ਵਰਕਰਾਂ ਦਾ ਮਨੋਬਲ ਨਾ ਡਿੱਗੇ।