ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸ਼੍ਰੋਮਣੀ ਅਕਾਲੀ ਦਲ 1920 ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਮਾਲਵੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਬਹੁਤ ਜ਼ਿਆਦਾ ਲੋਕ ਮਰ ਗਏ ਹਨ ਜੋ ਦੇਸ਼ ਪੰਜਾਬ ਲਈ ਅਤੀ ਦੁੱਖ ਦੀ ਗੱਲ ਹੈ। ਪੰਜਾਬ ਦੇ ਬਹਾਦਰ ਲੋਕ ਜਿਨ੍ਹਾਂ ਨੇ ਕਿਸੇ ਸਮੇਂ ਮਹਾਨ ਸਿਕੰਦਰ ਵਰਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਪਿੱਛੇ ਮੋੜ ਦਿੱਤੇ, ਜਦੋਂ ਸਮਾਂ ਆਇਆ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਭਜਾਉਣ ਖਾਤਰ 90 ਫੀਸਦੀ ਕੁਰਬਾਨੀਆਂ ਕੀਤੀਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੋਕਾਂ ਨੂੰ ਗੁਲਾਮ ਬਣਾਉਣ ਖਾਤਰ ਲਗਾਤਾਰ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਸਾਰ ਕੀਤਾ। ਜਦੋਂ ਅੱਜ ਮੀਡੀਏ ਵਿੱਚ ਪੰਜਾਬੀਆਂ ਦੀਆਂ ਮੌਤਾਂ ਸ਼ਰਾਬ ਪੀਣ ਨਾਲ ਹੋਣ ਕਾਰਨ ਆਉਂਦਾ ਹੈ ਤਾਂ ਸਰਕਾਰਾਂ ਵਾਰੀ ਵਾਰੀ ਚਲਾਉਣ ਵਾਲੇ ਲੋਕ ਵੱਡੇ ਵੱਡੇ ਬਿਆਨ ਦੇ ਕੇ ਆਪ ਦੁੱਧ ਧੋਤੇ ਬਣ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਜਦੋਂ ਕਿ ਬਾਦਲ ਸਰਕਾਰ ਸਮੇਂ ਪੰਜਾਬ ਅੰਦਰ ਸਭ ਤੋਂ ਵੱਧ ਸ਼ਰਾਬ, ਚਿੱਟਾ, ਅਫੀਮ, ਸਮੈਕ ਦਾ ਕਾਰੋਬਾਰ ਹੋਇਆ ਕਰਦਾ ਸੀ। ਅੱਜ ਕਾਂਗਰਸ ਦੇ ਰਾਜ ਵਿੱਚ ਵੀ ਬਾਦਲ ਸਰਕਾਰ ਵਾਂਗ ਨਸ਼ਿਆਂ ਦਾ ਕਾਲਾ ਧੰਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਚਾਹੀਦਾ ਤਾਂ ਇਹ ਸੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਸੀ ਤਾਂ ਅਮਿ੍ਤ ਦੀਆਂ ਲਹਿਰਾਂ ਚਲਾਉਣੀਆਂ ਚਾਹੀਦੀਆਂ ਸਨ। ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹੀ ਡੱਕ ਦੇਣਾ ਚਾਹੀਦਾ ਸੀ, ਪਰ ਹੋਇਆ ਇਸਦੇ ਉਲਟ। ਅਕਾਲੀ ਦਲ ਦੇ ਅਹੁਦੇਦਾਰ ਖ਼ੁਦ ਹੀ ਸ਼ਰਾਬ ਦੇ ਠੇਕੇ ਖੋਲ੍ਹ ਕੇ ਨਸ਼ੇ ਦਾ ਧੰਦਾ ਕਰਦੇ ਹਨ ਪਰ ਅੱਜ ਕਾਂਗਰਸ ਦੇ ਲੀਡਰ ਵੀ ਠੇਕੇ ਚਲਾ ਰਹੇ ਹਨ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਬਾਦਲ ਤੇ ਕਾਂਗਰਸੀ ਰਲ ਕੇ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾ ਕੇ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ।