ਮਾਮਲਾ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ ਦਾ...

ਲਖਵੀਰ ਸਿੰਘ, ਮੋਗਾ : ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡ ਢੋਲੇਵਾਲਾ 'ਚ ਓਵਰਡੋਜ਼ ਨਸ਼ੇ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਪੁਲਿਸ ਵੱਲੋਂ ਉਸ ਨੂੰ ਨਸ਼ਾ ਦੇਣ ਵਾਲੇ ਕਥਿਤ ਦੋਸ਼ੀ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਹੰਸ ਰਾਜ ਵਾਸੀ ਪਿੰਡ ਢੋਲੇਵਾਲਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਸ਼ਨੀਵਾਰ ਦੀ ਸ਼ਾਮ ਨੂੰ ਕ੍ਰੀਬ ਸਾਢੇ 6 ਵਜੇ ਸ਼ਾਮ ਨੂੰ ਰਾਜੂ ਸਿੰਘ ਅਤੇ ਸ਼ੀਸਾ ਸਿੰਘ ਵਾਸੀਆਨ ਪਿੰਡ ਢੋਲੇਵਾਲਾ ਉਸ ਦੇ ਭਰਾ ਅਸ਼ੋਕ ਕੁਮਾਰ (38 ਸਾਲ) ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਸਨ। ਜੋ ਰਾਤ ਨੂੰ ਘਰ ਵਾਪਸ ਨਹੀਂ ਆਇਆ। ਉਨ੍ਹਾਂ ਨੂੰ ਭਾਲ ਕਰਨ ਤੇ ਐਤਵਾਰ ਸਵੇਰੇ ਉਸ ਦੇ ਭਰਾ ਦੀ ਲਾਸ਼ ਸਰਕਾਰੀ ਹਾਈ ਸਕੂਲ ਢੋਲੇਵਾਲਾ ਦੇ ਬਰਾਂਡੇ ਵਿੱਚੋਂ ਮਿਲੀ। ਉਸ ਨੂੰ ਯਕੀਨ ਹੈ ਕਿ ਉਸ ਦੇ ਭਰਾ ਦੀ ਮੌਤ ਰਾਜੂ ਸਿੰਘ ਅਤੇ ਸ਼ੀਸਾ ਸਿੰਘ ਵੱਲੋਂ ਜਿਆਦਾ ਮਾਤਰਾ ਵਿੱਚ ਨਸ਼ਾ ਦੇਣ ਕਰਕੇ ਹੋਈ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮਿ੍ਤਕ ਦੇ ਭਰਾ ਜਗਤਾਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਉਕਤ ਰਾਜੂ ਸਿੰਘ ਅਤੇ ਸ਼ੀਸਾ ਖਿਲਾਫ ਅ/ਧ 304 ਆਈ.ਪੀ.ਸੀ.ਐਕਟ ਤਹਿਤ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕਰਕੇ ਮਿ੍ਤਕ ਅਸੋਕ ਕੁਮਾਰ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ।