ਐਨਐਸ ਲਾਲੀ, ਕੋਟ ਈਸੇ ਖਾਂ : ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਨ ਦੇ ਜੈਮਲ ਸਿੰਘ ਵੀ ਇਸ ਅੱਤਵਾਦੀ ਵਾਰਦਾਤ ਚ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਨੇ ਸੀਆਰਪੀਐੱਫ ਦੀ ਜਿਸ ਬਸ ਨੂੰ ਉਡਾਇਆ ਜੈਮਲ ਸਿੰਘ ਉਸ ਦੇ ਚਾਲਕ ਸਨ। ਪਤੀ ਦੀ ਸ਼ਹਾਦਤ ਦੀ ਖਬਰ ਨਾਲ ਜੈਮਲ ਦੀ ਪਤਨੀ ਦਾ ਬੁਰਾ ਹਾਲ ਹੈ। ਜੈਮਲ ਸਿੰਘ ਦੇ ਭਰਾ ਨਸੀਬ ਸਿੰਘ ਮਲੇਸ਼ੀਆ ਚ ਰਹਿੰਦੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮਲੇਸ਼ੀਆ ਤੋਂ ਮੋਗਾ ਲਈ ਨਿਕਲ ਗਏ ਹਨ।

ਉਨ੍ਹਾਂ ਨੇ ਆਪਣੇ ਇਕਲੌਤੇ ਬੇਟੇ ਨਾਲ ਵਾਅਦਾ ਕੀਤਾ ਸੀ ਕਿ ਉਹ ਫਿਰ ਜਲਦ ਛੁੱਟੀ ਤੇ ਆਵੇਗਾ ਤਾਂ ਉਸ ਦਾ ਐਡਮਿਸ਼ਨ ਵਿਵੇਕਾਨੰਦ ਸਕੂਲ ਪੰਚਕੂਲਾ ਚ ਕਰਵਾਏਗਾ। ਪਰ ਇਕ ਮਨਹੂਸ ਖਬਰ ਨੇ ਪਰਿਵਾਰ ਦੀਆਂ ਉਮੀਦਾਂ ਨੂੰ ਤਾਰ-ਤਾਰ ਕਰ ਦਿੱਤਾ। ਜੈਮਲ ਦਾ ਵਿਆਹ 17 ਸਾਲ ਪਹਿਲਾਂ ਸੁਖਜੀਤ ਕੌਰ ਨਾਲ ਹੋਇਆ ਸੀ। ਘਰ ਚ ਬੱਚੇ ਦੀਆਂ ਕਿਲਕਾਰੀਆਂ ਵਿਆਹ ਦੇ 12 ਸਾਲ ਬਾਅਦ ਗੂੰਜੀਆਂ। ਉਹ ਬੇਟੇ ਨੂੰ ਚੰਗੇ ਸਕੂਲ ਚ ਐਡਮਿਸ਼ਨ ਦਿਵਾਉਣਾ ਚਾਹੁੰਦਾ ਸੀ।

ਇਹੀ ਕਾਰਨ ਸੀ ਕਿ ਉਸ ਨੇ ਪਰਿਵਾਰ ਨੂੰ ਜਲੰਧਰ ਚ ਰੱਖਿਆ ਹੋਇਆ ਸੀ। ਹੁਣ ਬੇਟੇ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਪੰਚਕੂਲਾ ਸ਼ਿਫਟ ਹੋਣ ਦੀ ਤਿਆਰੀ ਚ ਸੀ। ਉਨ੍ਹਾਂ ਦੀ ਸ਼ਹੀਦੀ ਦੀ ਸੂਚਨਾ ਜਿਵੇਂ ਹੀ ਮਿਲੀ ਤਾਂ ਉਨ੍ਹਾਂ ਦਾ ਪਰਿਵਾਰ ਜਲੰਧਰ ਲਈ ਰਵਾਨਾ ਹੋ ਗਿਆ। ਜੈਮਲ ਦੀ ਪਤਨੀ ਸੁਖਜੀਤ ਕੌਰ ਜਲੰਧਰ ਸੀਆਰਪੀਐੱਫ ਕੈਂਪ ਚ ਰਹਿ ਰਹੀ ਹੈ।

ਜੈਮਲ ਸਿੰਘ ਨੇ ਆਪਣੀ ਪਤਨੀ ਸੁਖਜੀਤ ਕੌਰ ਨੂੰ ਵੀਰਵਾਰ ਸਵੇਰੇ 8 ਵਜੇ ਆਖਰੀ ਵਾਰ ਫੋਨ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਬਟਾਲੀਅਨ ਨਾਲ ਜੰਮੂ ਕਸ਼ਮੀਰ ਜਾ ਰਹੇ ਹਨ। ਜੈਮਲ ਬਟਾਲੀਅਨ ਚ ਐੱਮਟੀ ਇੰਚਾਰਜ ਸੀ। ਉਹ ਜ਼ਿਆਦਾ ਸਮਾਂ ਦਫਤਰ ਚ ਰਹਿੰਦਾ ਸੀ। ਜੈਮਲ ਦੀ ਸ਼ਹਾਦਤ ਦੀ ਖਬਰ ਸੁਣ ਕੇ ਪੂਰੇ ਪਿੰਡ ਚ ਮਾਤਮ ਛਾ ਗਿਆ।

Posted By: Amita Verma