ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬ ਦੇ ਅਗਾਂਹਵਧੂ ਤੇ ਪ੍ਰਗਤੀਸ਼ੀਲ ਸੋਚ ਦੇ ਧਾਰਨੀ ਕਿਸਾਨਾਂ ਨੂੰ ਥਾਪੜਾ ਦੇਣ ਦੇ ਮੰਤਵ ਨਾਲ ਮੋਗਾ ਜ਼ਿਲ੍ਹੇ ਦੇ ਪ੍ਰਸਿੱਧ ਇਤਿਹਾਸਕ ਪਿੰਡ ਦੀਨਾ ਸਾਹਿਬ ਵਿਖੇ 'ਮੈਨੂੰ ਮਾਣ ਹੈ ਮੇਰਾ ਬਾਪੂ ਕਿਸਾਨ ਹੈ' ਜਥੇਬੰਦੀ ਦੀ ਟੀਮ ਵੱਲੋਂ 21 ਉੱਨਤ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਪੰਜਾਬੀ ਫਿਲਮ ਜਗਤ ਦੇ ਨਾਮਵਰ ਅਦਾਕਾਰ ਸਰਦਾਰ ਸੋਹੀ ਅਤੇ ਮਲਕੀਤ ਸਿੰਘ ਰੌਣੀ ਨੇ ਦੀਨਾ ਸਾਹਿਬ ਤੋਂ ਇਸ ਸਨਮਾਨ ਸਮਾਰੋਹ ਲਹਿਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਟੀਮ ਵੱਲੋਂ 21 ਕਿਸਾਨਾਂ ਨੂੰ ਸਨਮਾਨ ਪੱਤਰ, ਦਾਤੀ ਅਤੇ ਬੂਟਾ ਦੇ ਕੇ ਸਨਮਾਨਿਆ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਅਥਾਹ ਅੰਨ ਪੈਦਾ ਕਰ ਕੇ ਦੇਸ਼ਵਾਸੀਆਂ ਦਾ ਢਿੱਡ ਭਰਿਆ ਹੈ। ਪੰਜਾਬੀ ਕਿਸਾਨਾਂ ਨੇ ਭਾਰਤ ਨੂੰ ਅਨਾਜ ਪੱਖੋਂ ਆਤਮ ਨਿਰਭਰ ਕਰਨ ਤੋਂ ਵੀ ਅੱਗੇ ਜਾ ਕੇ ਦੇਸ਼ ਦੇ ਅੰਨ ਭੰਡਾਰ ਨੂੰ ਸਰਪਲੱਸ ਕਰ ਦਿੱਤਾ ਹੈ। 1947 'ਚ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇਸ ਨੂੰ ਅਮਰੀਕਾ ਵਰਗੇ ਦੇਸ਼ਾਂ ਤੋਂ ਸ਼ਰਤਾਂ ਅਧੀਨ ਅਨਾਜ ਮੰਗਵਾਉਣਾ ਪੈਂਦਾ ਸੀ। ਨਿਰਸੰਦੇਹ ਦੇਸ਼ਵਾਸੀ ਅਨਾਜ ਪੱਖੋਂ ਰੱਜਵਾਂ ਖਾਣ ਦੇ ਸਮਰੱਥ ਹੋ ਗਏ ਪਰ ਵਿਡੰਬਣਾ ਇਹ ਹੈ ਕਿ ਦੇਸ਼ ਦਾ ਅੰਨਦਾਤਾ ਖ਼ੁਦ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਤੁਰਿਆ।

ਕਮੇਟੀ ਮੈਂਬਰ ਤੋਤਾ ਸਿੰਘ ਦੀਨਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਅਨੇਕਾਂ ਸਮੱਸਿਆਵਾਂ ਦਰਪੇਸ਼ ਹਨ ਇਨ੍ਹਾਂ ਚੁਣੌਤੀਆਂ ਨੂੰ ਸੂਝਵਾਨ ਕਿਸਾਨ ਸਵੀਕਾਰਦੇ ਹੋਏ ਸੂਬੇ ਦੇ ਹਵਾ ਪਾਣੀ ਅਤੇ ਮਿੱਟੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਲਗਾਤਾਰ ਯਤਨਸ਼ੀਲ ਹਨ। ਇਸ ਸੰਸਥਾ ਦਾ ਉਦੇਸ਼ ਮਾਨਵਤਾਵਾਦੀ ਸੋਚ ਦੇ ਧਾਰਨੀ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਹੈ ਤਾਂ ਕਿ ਹੋਰ ਕਿਸਾਨ ਵੀ ਇਨ੍ਹਾਂ ਤੋਂ ਪ੍ਰਰੇਰਨਾ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਣ ਦੇ ਰਸਤੇ ਦੇ ਪਾਂਧੀ ਬਨਣ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾਈ ਇਸ ਜ਼ਫ਼ਰਨਾਮਾ ਸਾਹਿਬ ਦੀ ਪਾਵਨ ਧਰਤ ਤੋਂ ਇਸ ਮੁਹਿੰਮ ਦਾ ਆਗਾਜ਼ ਕਰਦਿਆਂ ਨੂੰ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਤਕ ਲਿਜਾਇਆ ਜਾਵੇਗਾ। ਇਸ ਤੋਂ ਅੱਗੇ ਵੀ ਇਸ ਨੂੰ ਸੂਬੇ ਅੰਦਰ ਲੋਕ ਲਹਿਰ ਦਾ ਰੂਪ ਦੇਣ ਦੀ ਤਜਵੀਜ਼ ਹੈ। ਇਸ ਦਾ ਸਪੱਸ਼ਟ ਮੰਤਵ ਪੰਜਾਬ ਦੀ ਖੇਤੀ ਨੂੰ ਕੁਦਰਤੀ ਤੌਰ ਤਰੀਕਿਆਂ ਦੀ ਵਰਤੋਂ ਕਰ ਕੇ ਮਨੁੱਖਤਾ ਪੱਖੀ ਬਣਾਉਣਾ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਖ਼ਾਤਮੇ ਵੱਲ ਵਧਦੇ ਕਦਮਾਂ ਨੂੰ ਠੱਲ੍ਹ ਪਾਉਣ ਦੇ ਢੰਗ ਤਰੀਕੇ ਬਣਾਉਣਾ, ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਅਤੇ ਗ਼ੈਰ ਕੁਦਰਤੀ ਮਾਡਲ ਤੋਂ ਛੁਟਕਾਰਾ ਪਾਉਣਾ ਵੀ ਸੰਸਥਾ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਦੇ ਕੁਦਰਤ ਪੱਖੀ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ। ਜ਼ਹਿਰਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੇ ਸਾਡੇ ਵਾਤਾਵਰਨ ਮਨੁੱਖਾਂ ਅਤੇ ਪਸ਼ੂ ਪੰਛੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਹੈ। ਇਸ ਵਰਤਾਰੇ ਨੂੰ ਚੱਲਣਾ ਸਮੇਂ ਦੀ ਮੁੱਖ ਲੋੜ ਹੈ। ਸੰਸਥਾ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਹਰ ਕਿਸਾਨ ਨੂੰ ਲੋਕ ਪੱਖੀ ਖੇਤੀ ਉਤਪਾਦਨ 'ਚ ਭਾਗੀਦਾਰ ਬਣਨਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸਮੇਂ ਦੇ ਅਨੁਕੂਲ ਢੰਗ ਤਰੀਕੇ ਵਰਤੋਂ 'ਚ ਲਿਆਉਣੇ ਚਾਹੀਦੇ ਹਨ।

ਇਸ ਮੌਕੇ ਬਲਾਕ ਸੰਮਤੀ ਮੈਂਬਰ ਰੁਪਿੰਦਰ ਦੀਨਾ, ਮੇਜਰ ਸਿੰਘ ਸੇਖੋਂ ਬਲਾਕ ਪ੍ਰਧਾਨ, ਗੁਰਪ੍ਰੀਤ ਸਿੱਧੂ ਆਦਿ ਹਾਜ਼ਰ ਸਨ।