ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਜ਼ਿਲ੍ਹਾ ਪੁਲਿਸ ਨੇ ਸਬਜ਼ੀ ਵਿਕਰੇਤਾ ਦੇ ਕਤਲ ਦੇ ਮਾਮਲੇ ਨੂੰ 48 ਘੰਟਿਆਂ 'ਚ ਹੱਲ ਕਰਦਿਆਂ ਮੁਲਜ਼ਮਾਂ ਨੂੰ ਵਾਰਦਾਤ ਲਈ ਵਰਤੇ ਗਏ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਪੁਲਿਸ ਥਾਣਾ ਸਿਟੀ ਸਾਊਥ ਮੋਗਾ ਨੂੰ ਸੂਚਨਾ ਮਿਲੀ ਸੀ ਕਿ ਸਬਜ਼ੀ ਵਿਕਰੇਤਾ ਸੁਖਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਦੀ ਰਾਤ ਨੂੰ ਘਰ 'ਚ ਸੁੱਤੇ ਪਏ ਦੀ ਹੱਤਿਆ ਹੋ ਗਈ।

ਮਾਮਲੇ ਨੂੰ ਹੱਲ ਕਰਨ ਲਈ ਸਾਊਥ ਥਾਣਾ ਸਿਟੀ ਸੀਆਈਏ ਮੋਗਾ ਅਤੇ ਸਾਈਬਰ ਸੈੱਲ ਮੋਗਾ ਦੀਆਂ ਟੀਮਾਂ ਨੂੰ ਸ਼ਾਮਲ ਕਰ ਕੇ ਸਾਂਝੀ ਜਾਂਚ ਟੀਮ ਬਣਾਈ ਗਈ ਸੀ। ਕੇਸ ਦੀ ਜਾਂਚ ਲਈ ਫੋਰੈਂਸਿਕ ਅਤੇ ਡਿਜੀਟਲ ਸਾਧਨ ਵੀ ਵਰਤੇ ਗਏ। ਜਾਂਚ ਪੜਤਾਲ ਦੌਰਾਨ ਸ਼ੱਕ ਦੀ ਸੂਈ ਮਿ੍ਤਕ ਦੀ ਪਤਨੀ ਅਮਨਦੀਪ ਕੌਰ 'ਤੇ ਆ ਗਈ ਤੇ ਸਖਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਜੁਰਮ ਕਬੂਲ ਕਰ ਲਿਆ।

ਅਮਨਦੀਪ ਕੌਰ ਨੇ ਖੁਲਾਸਾ ਕੀਤਾ ਕਿ ਉਸ ਦੀ ਸੰਦੀਪ ਸਿੰਘ ਨਾਲ ਤਕਰੀਬਨ 8-9 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਐਪ ਰਾਹੀਂ ਨੇੜਤਾ ਹੋ ਗਈ ਸੀ। 2 ਮਹੀਨੇ ਪਹਿਲਾਂ ਉਸ ਨੇ ਸੰਦੀਪ ਤੇ ਜਸਬੀਰ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ ਤਾਂ ਜੋ ਉਹ ਸੰਦੀਪ ਸਿੰਘ ਨਾਲ ਵਿਆਹ ਕਰਵਾ ਸਕੇ। ਕਤਲ ਦੀ ਰਾਤ ਨੂੰ ਉਸ ਨੇ ਸੰਦੀਪ ਲਈ ਦਰਵਾਜ਼ਾ ਖੋਲਿ੍ਹਆ ਜਦੋਂਕਿ ਜਸਬੀਰ ਬਾਹਰ ਮੋਟਰਸਾਈਕਲ 'ਤੇ ਉਡੀਕ ਰਿਹਾ ਸੀ।

ਸੰਦੀਪ ਅਤੇ ਅਮਨਦੀਪ ਨੇ ਕੁਹਾੜੀ ਨਾਲ ਸੁਖਵਿੰਦਰ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਉਸ ਦੇ ਬਾਅਦ ਸੰਦੀਪ ਤੇ ਜਸਬੀਰ ਮੌਕੇ ਤੋਂ ਫਰਾਰ ਹੋ ਗਏ। ਫਿਰ ਅਮਨਦੀਪ ਨੇ ਬਚਣ ਲਈ ਡਰਾਮਾ ਰਚਣਾ ਸ਼ੁਰੂ ਕੀਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਕਤਲ ਬਾਰੇ ਦੱਸਿਆ।

ਪੁਲਿਸ ਨੇ ਕਤਲ ਲਈ ਵਰਤਿਆ ਹਥਿਆਰ ਕੁਹਾੜੀ, ਮੋਟਰਸਾਈਕਲ ਤੇ ਸਬੂਤ ਵਜੋਂ ਖੂਨ ਦੇ ਦਾਗ ਵਾਲੇ ਕੱਪੜੇ ਬਰਾਮਦ ਕਰ ਲਏ ਹਨ। ਪੁਲਿਸ ਨੇ ਅਮਨਦੀਪ ਕੌਰ, ਸੰਦੀਪ ਸਿੰਘ ਤੇ ਜਸਬੀਰ ਸਿੰਘ ਨੂੰ ਗਿ੍ਫਤਾਰ ਕਰ ਲਿਆ ਹੈ।