ਪਵਨ ਗਰਗ, ਬਾਘਾਪੁਰਾਣਾ

ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਇਮਾਨਦਾਰੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਪਿੰਡ ਮਾੜੀ ਮੁਸਤਫ਼ਾ ਦੇ ਹਰਦਿਆਲ ਸਿੰਘ ਦਾ ਪੀਆਰਟੀਸੀ ਫਰੀਦਕੋਟ ਡਿਪੂ ਦੀ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਉਸ ਦੇ ਕੁਝ ਜ਼ਰੂਰੀ ਕਾਗਜ਼ਾਤ ਅਤੇ ਕੁੱਝ ਰੁਪਏ ਬੱਸ ਵਿੱਚ ਡਿੱਗ ਪਏ। ਹਰਦਿਆਲ ਸਿੰਘ ਬਾਘਾਪੁਰਾਣਾ ਬੱਸ ਅੱਡੇ 'ਤੇ ਬੱਸ ਤੋਂ ਉਤਰ ਗਿਆ। ਜਦੋਂ ਬੱਸ ਫਰੀਦਕੋਟ ਪਹੁੰਚ ਗਈ ਤਾਂ ਬੱਸ ਦੇ ਡਰਾਈਵਰ ਗਮਦੂਰ ਸਿੰਘ ਅਤੇ ਕੰਡਕਟਰ ਲਖਵਿੰਦਰ ਸਿੰਘ ਨੇ ਜਦੋਂ ਬੱਸ ਦੀ ਸਫਾਈ ਕਰ ਰਹੇ ਸਨ ਤਾਂ ਉਹਨਾਂ ਨੂੰ ਬੱਸ ਵਿਚੋਂ ਹਰਦਿਆਲ ਸਿੰਘ ਦੇ ਕਾਗਜ਼ਾਤ ਅਤੇ ਪੈਸੇ ਡਿੱਗੇ ਮਿਲੇ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਪਿੰਡ ਮਾੜੀ ਮੁਸਤਫ਼ਾ ਦੇ ਸਰਪੰਚ ਗੁਰਤੇਜ ਸਿੰਘ ਤੇਜਾ ਨਾਲ ਸੰਪਰਕ ਕਰਕੇ ਪੜਤਾਲ ਕੀਤੀ ਤਾਂ ਪਿੰਡ ਦੇ ਸਰਪੰਚ ਨੂੰ ਬਾਘਾਪੁਰਾਣਾ ਦੇ ਬੱਸ ਅੱਡੇ ਉਪਰ ਓਰਬਿਟ ਬੱਸ ਦੇ ਅੱਡਾ ਇੰਚਾਰਜ ਹਰਜਿੰਦਰ ਸਿੰਘ ਟੋਨੀ ਅਤੇ ਹੋਰ ਅੱਡਾ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਸਵਾਰੀ ਨੂੰ ਉਸ ਦੇ ਕਾਗਜ਼ਾਤ ਅਤੇ ਪੈਸੇ ਵਾਪਿਸ ਕਰ ਦਿੱਤੇ । ਸਵਾਰੀ ਦੇ ਪਰਿਵਾਰ ਅਤੇ ਸਰਪੰਚ ਨੇ ਡਰਾਈਵਰ ਅਤੇ ਕੰਡਕਟਰ ਦਾ ਧੰਨਵਾਦ ਕੀਤਾ ਅਤੇ ਸ਼ਲਾਘਾ ਵੀ ਕੀਤੀ।