ਸਤਯੇਨ ਓਝਾ, ਮੋਗਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦੀ ਨਜ਼ਰ ਇਸ ਵਾਰ ਹਿੰਦੂ ਵੋਟਰਾਂ ’ਤੇ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਸੂਬੇ ’ਚ ਹਿੰਦੂਆਂ ਦੀ ਗਿਣਤੀ ਕੁਲ ਆਬਾਦੀ ਦੀ 38.5 ਫ਼ੀਸਦੀ ਹੈ। ਸੂਬੇ ’ਚ 45 ਵਿਧਾਨ ਸਭਾ ਖੇਤਰ ਅਜਿਹੇ ਹਨ, ਜਿੱਥੇ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਮੋਗਾ ਵਿਧਾਨ ਸਭਾ ਖੇਤਰ ’ਚ 1.84 ਲੱਖ ਵੋਟਰਾਂ ’ਚੋਂ ਇਕ ਲੱਖ ਦੇ ਕਰੀਬ ਸ਼ਹਿਰੀ ਹਿੰਦੂ ਵੋਟਰ ਹਨ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰੀ ਸੀਟ ’ਤੇ 62 ਫ਼ੀਸਦੀ ਵੋਟਰ ਹਿੰਦੂ ਹਨ। ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਮਹੀਨੇ ਪਹਿਲਾਂ ਤੋਂ ਹੀ ਯਤਨ ਸ਼ੁਰੂ ਕਰ ਦਿੱਤੇ ਸਨ।

ਇਸਦੇ ਤਹਿਤ ਕਾਂਗਰਸ ਨੇ ਪਹਿਲੀ ਵਾਰ ਬ੍ਰਾਹਮਣ ਭਲਾਈ ਬੋਰਡ ਤੇ ਅਗਰਵਾਲ ਭਲਾਈ ਬੋਰਡ ਦਾ ਗਠਨ ਕੀਤਾ। ਨਾਲ ਹੀ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੱਤਵੀਂ ਜਮਾਤ ਦੇ ਸਿਲੇਬਸ ’ਚ ਮਹਾਰਾਜਾ ਅਗਰਸੇਨ ਦੀ ਜੀਵਨੀ ਨੂੰ ਸ਼ਾਮਲ ਕੀਤਾ ਗਿਆ ਹੈ। ਨਵੇਂ ਸਿੱਖਿਆ ਸੈਸ਼ਨ ਤੋਂ ਸੱਤਵੀਂ ਜਮਾਤ ’ਚ ਮਹਾਰਾਜਾ ਅਗਰਸੇਨ ਦੀ ਜੀਵਨੀ ਬੱਚਿਆਂ ਨੂੰ ਪਡ਼੍ਹਨ ਨੂੰ ਮਿਲੇਗੀ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਹਰ ਜ਼ਿਲ੍ਹੇ ’ਚ ਮਹਾਰਾਜਾ ਅਗਰਸੇਨ ਦਾ ਬੁੱਤ ਸਥਾਪਤ ਕਰਵਾਇਆ ਹੈ। ਫਗਵਾਡ਼ਾ ਜ਼ਿਲ੍ਹੇ ਦੇ ਪਿੰਡ ਖਾਟੀ ’ਚ ਭਗਵਾਨ ਪਰਸ਼ੁਰਾਮ ਦੇ ਤਪ ਅਸਥਾਨ ’ਤੇ ਪਹਿਲੀ ਵਾਰ ਕਾਂਗਰਸ ਸਰਕਾਰ ਦਾ ਧਿਆਨ ਗਿਆ। ਸਰਕਾਰ ਨੇ ਨਾ ਸਿਰਫ਼ ਤਪ ਅਸਥਾਨ ਦੀ ਮੁਡ਼ ਉਸਾਰੀ ਲਈ ਫੰਡ ਜਾਰੀ ਕੀਤਾ ਹੈ, ਬਲਕਿ ਭਗਵਾਨ ਪਰਸ਼ੁਰਾਮ ਦੇ ਜੀਵਨ ਦਰਸ਼ਨ ਨੂੰ ਜਾਣਨ ਲਈ ਰਿਸਰਚ ਸੈਂਟਰ ਸਥਾਪਨਾ ਦੇ ਪ੍ਰਾਜੈਕਟ ’ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਦਾਰਨਾਥ ਧਾਮ, ਹਿਮਾਚਲ ਸਥਿਤ ਬਗਲਾਮੁਖੀ ਤੇ ਚਿੰਤਪੂਰਨੀ ਧਾਮ ਤੋਂ ਇਲਾਵਾ ਹੋਰਨਾਂ ਮੰਦਰਾਂ ’ਤੇ ਨਤਮਸਤਕ ਹੋਣ ਵੀ ਪਹੁੰਚੇ।

ਸਿਰਫ਼ ਕਾਂਗਰਸ ਪਾਰਟੀ ਹੀ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਸਰਗਰਮ ਹਨ। ਦੋਵੇਂ ਪਾਰਟੀਆਂ ਚੋਣਾਂ ਲਈ ਹਿੰਦੂ ਬਹੁਤਾਤ ਸੀਟਾਂ ’ਤੇ ਹਿੰਦੂ ਚਿਹਰਿਆਂ ਦੀ ਤਲਾਸ਼ ਕਰਦੀਆਂ ਨਜ਼ਰ ਆਈਆਂ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੀ ਚਿੰਤਪੂਰਨੀ ਧਾਮ ਤੇ ਰਾਜਸਥਾਨ ਸਥਿਤ ਸਾਲਾਸਰ ਬਾਲਾਜੀ ਧਾਮ ਤੋਂ ਇਲਾਵਾ ਹੋਰਨਾਂ ਮੰਦਰਾਂ ’ਚ ਦਰਸ਼ਨ ਕਰਦੇ ਨਜ਼ਰ ਆਏ। ‘ਆਪ’ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਵੀ ਜਲੰਧਰ ਸਥਿਤ ਸ੍ਰੀ ਦੇਵੀ ਤਲਾਬ ਮੰਦਰ ਮੱਥਾ ਟੇਕਣ ਪੁੱਜੇ ਸਨ।

ਇਕ ਹੀ ਪਾਰਟੀ ਦੇ ਪੱਖ ’ਚ ਇਕਜੁੱਟ ਹੋ ਕੇ ਮਤਦਾਨ ਕਰਦੇ ਹਨ ਹਿੰਦੂ ਵੋਟਰ

ਹਿੰਦੂ ਵੋਟਰ ਹਮੇਸ਼ਾ ਇਕਜੁੱਟ ਹੋ ਕੇ ਇਕ ਹੀ ਪਾਰਟੀ ਦੇ ਹੱਕ ’ਚ ਮਤਦਾਨ ਕਰਦੇ ਹਨ। ਸਿਆਸੀ ਮਾਹਿਰਾਂ ਮੁਤਾਬਕ ਸਿਰਫ਼ ਸੱਤ ’ਚੋਂ 14 ਫ਼ੀਸਦੀ ਵੋਟਰ ਇਧਰ ਓਧਰ ਖਿਸਕਦੇ ਹਨ। ਸਾਲ 2007 ’ਚ 13.5 ਫ਼ੀਸਦੀ ਹਿੰਦੂ ਵੋਟਰ ਕਾਂਗਰਸ ਤੋਂ ਦੂਰ ਹੋ ਗਏ ਸਨ। ਨਤੀਜੇ ਵਜੋਂ ਕਾਂਗਰਸ ਸੱਤਾ ’ਚੋਂ ਬਾਹਰ ਹੋ ਗਈ ਸੀ। ਉਸ ਤੋਂ ਬਾਅਦ ਸਾਲ 2012 ਦੀਆਂ ਚੋਣਾਂ ’ਚ ਵੀ ਇਹੀ ਸਥਿਤੀ ਰਹੀ। ਦੋਵੇਂ ਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋਡ਼ ਦੀ ਸਰਕਾਰ ਬਣੀ ਸੀ। ਇਸ ਤੋਂ ਬਾਅਦ ਸਾਲ 2017 ਦੀਆਂ ਚੋਣਾਂ ’ਚ 10.5 ਫ਼ੀਸਦੀ ਹਿੰਦੂ ਵੋਟਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋਡ਼ ਤੋਂ ਵੱਖ ਹੋ ਗਏ ਸਨ। ਨਤੀਜੇ ਵਜੋਂ ਉਸ ਦੇ ਵਿਧਾਇਕਾਂ ਦੀ ਗਿਣਤੀ ਸਿਰਫ਼ 18 ’ਤੇ ਹੀ ਸਿਮਟ ਗਈ ਸੀ ਤੇ ਕਾਂਗਰਸ ਸੱਤਾ ’ਚ ਆ ਗਈ।

ਇਨ੍ਹਾਂ ਸੀਟਾਂ ’ਤੇ ਫ਼ੈਸਲਾਕੁੰਨ ਹਨ ਹਿੰਦੂ ਵੋਟਰ

ਪਠਾਨਕੋਟ : 70 ਫ਼ੀਸਦੀ

ਬਠਿੰਡਾ ਸ਼ਹਿਰੀ : 62 ਫ਼ੀਸਦੀ

ਅੰਮ੍ਰਿਤਸਰ ਸ਼ਹਿਰੀ : 60 ਫ਼ੀਸਦੀ

ਅੰਮ੍ਰਿਤਸਰ ਉੱਤਰੀ : 60 ਫ਼ੀਸਦੀ

ਅੰਮ੍ਰਿਤਸਰ ਪੂਰਬੀ : 60 ਫ਼ੀਸਦੀ

ਅੰਮ੍ਰਿਤਸਰ ਪੱਛਮੀ : 60 ਫ਼ੀਸਦੀ

ਅੰਮ੍ਰਿਤਸਰ ਕੇਂਦਰੀ : 60 ਫ਼ੀਸਦੀ

ਹੁਸ਼ਿਆਰਪੁਰ : 60 ਫ਼ੀਸਦੀ

Posted By: Tejinder Thind