ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਕੇਂਦਰ ਸਰਕਾਰ ਦੇ ਬਿਜਲੀ ਬਿੱਲ 2020 ਬਾਰੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੁਲਵੰਤ ਸਿੰਘ ਰਾਊਕੇ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਬਿਜਲੀ ਬਿੱਲ 2020 ਨਾਲ ਧਨਾਡ ਲੋਕਾਂ ਨੂੰ ਫਾਇਦਾ ਪਹੁੰਚਾਕੇ ਦੇਸ਼ ਨੂੰ ਦੋਨਾ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। ਇਸ ਤੋਂ ਬਿਨਾ ਸਰਕਾਰ ਰੇਲਵੇ, ਏਅਰ ਇੰਡੀਆ ਅਤੇ ਏਅਰਪੋਰਟ ਵੇਚਣ ਜਾ ਰਹੀ ਹੈ। ਨਾਗਰਿਕਾਂ ਦੇ ਨਾਮ ਤੇ ਘਟੀਆ ਕਾਨੂੰਨ ਲਿਆਕੇ ਬਣਦੇ ਹੱਕ ਖੋਹੇ ਜਾ ਰਹੇ ਹਨ। ਸਰਕਾਰ ਵੱਲੋਂ ਸਰਕਾਰੀ ਪਬਲਿਕ ਅਦਾਰਿਆਂ ਨੂੰ ਨਿੱਜੀਕਰਨ ਰਾਹੀਂ ਵੇਚਿਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਦੇ ਹਿੱਤਾਂ ਲਈ ਲੰਮੇ ਘੋਲ ਲੜੇ ਗਏ ਸਨ ਅਤੇ ਸੂਬੇ ਦੇ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਜੋ ਅੱਜ ਥੋੜ੍ਹੇ ਬਹੁਤੇ ਅਧਿਕਾਰ ਸੂਬੇ ਕੋਲ ਹਨ ਉਹ ਵੀ ਇਨ੍ਹਾਂ ਘਟੀਆ ਕਾਨੂੰਨਾ ਰਾਹੀਂ ਖੋਹੇ ਜਾ ਰਹੇ ਹਨ ਜਿੱਥੇ ਸੈਂਟਰ ਦੀ ਭਾਈਵਾਲ ਜਮਾਤ ਮੂਕ ਦਰਸ਼ਕ ਬਣਕੇ ਬੈਠੇ ਦੇਖ ਰਹੀ ਹੈ।

ਭਾਈ ਕੁਲਵੰਤ ਸਿੰਘ ਰਾਊਕੇ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮ ਅਤੇ ਕਿਰਤੀ ਕਿਸਾਨ ਲੋਕਾਂ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨਵੇਂ ਬਿੱਲ ਰਾਹੀਂ ਪੰਜਾਬ ਸਰਕਾਰ ਤੋਂ ਸਾਰੇ ਅਧਿਕਾਰ ਲੈ ਕੇ ਕੇਂਦਰ ਸਰਕਾਰ ਕੋਲ ਜਾ ਰਹੇ ਹਨ। ਰਾਜ ਸਰਕਾਰ ਵੱਲੋਂ ਭਰਤੀ ਠੇਕੇ ਤੇ ਕੀਤੀ ਜਾ ਰਹੀ ਹੈ। ਵੱਖ ਵੱਖ ਸਰਕਾਰੀ ਮਹਿਕਮਿਆਂ ਵਿੱਚ ਠੇਕੇ ਤੇ ਕਰਮਚਾਰੀ ਰੱਖੇ ਜਾ ਰਹੇ ਹਨ ਅਤੇ ਠੇਕੇ ਤੇ ਰੱਖੇ ਕਰਮਚਾਰੀਆਂ ਦਾ ਬਿੱਲ 11,000 ਰੁਪਏ ਦਾ ਪਾਸ ਹੁੰਦਾ ਹੈ ਪਰ ਅੱਗੇ 5500 ਰੁਪਏ ਦਿੱਤੇ ਜਾਂਦੇ ਹਨ ਜਿਸ ਨਾਲ ਅੰਨੀ ਲੁੱਟ ਅਤੇ ਗਰੀਬ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਰੋਡੇ ਮੁੱਖ ਬੁਲਾਰੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ, ਰਣਜੀਤ ਸਿੰਘ ਲੰਗੇਆਣਾ ਸੀਨੀ: ਮੀਤ ਪ੍ਰਧਾਨ ਮੋਗਾ, ਸਤਿੰਦਰਪਾਲ ਸਿੰਘ ਖਾਲਸਾ ਹਾਜਰ ਸਨ।