ਮਨਪ੍ਰੀਤ ਸਿੰਘ ਮੱਲੇਆਣਾ, ਬਾਘਾਪੁਰਾਣਾ : ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਬਾਘਾਪੁਰਾਣਾ ਰੈਲੀ 'ਚ ਪਹੁੰਚ ਚੁੱਕੇ ਹਨ। ਅੱਜ ਬਾਘਾਪੁਰਾਣਾ ਤੇ ਮੋਗਾ ਸ਼ਹਿਰ 'ਚ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਆਮਦ ਨੂੰ ਲੈ ਕੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਪ੍ਰਸ਼ਾਸਨ ਨੂੰ ਡਰ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਚੰਨੀ ਦਾ ਵਿਰੋਧ ਕੀਤਾ ਜਾਵੇਗਾ। ਇਸ ਲਈ 500 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ ਹਨ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਉਸ ਸਮੇਂ ਸਥਿਤੀ ਬੇਹੱਦ ਨਾਜ਼ੁਕ ਬਣ ਗਈ ਤੇ ਪੁਲਿਸ ਨੂੰ ਕਿਸਾਨਾਂ 'ਤੇ ਲਾਠੀਚਾਰਜ ਕਰਨਾ ਪਿਆ ਸੀ।

ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਬਾਘਾਪੁਰਾਣਾ ਰੈਲੀ 'ਚ ਪਹੁੰਚ ਚੁੱਕੇ ਹਨ। ਸੀਐੱਮ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਸਿਫਾਰਸ਼ 'ਤੇ ਫਰੀਦਕੋਟ ਮੈਂਬਰ ਪਾਰਲੀਮੈਂਟ ਮਹੁੰਮਦ ਸਦੀਕ ਨੇ ਹੀਰ ਸੁਣਾਈ। ਕਾਂਗਰਸ ਦੇ ਪੰਜਾਬ ਸਪੋਕਸਮੈਨ ਕਮਲਜੀਤ ਬਰਾੜ ਨੇ ਮੁੱਖ ਮੰਤਰੀ ਚੰਨੀ ਤੋਂ ਬੇਆਦਬੀਆਂ ਦੇ ਦੋਸ਼ੀਆਂ ਤੇ ਨਸ਼ਾ ਤਸਕਰਾਂ ਨੂੰ ਅੰਦਰ ਕਰਨ ਦੀ ਮੰਗ ਵੀ ਕੀਤੀ । ਕਮਲਜੀਤ ਬਰਾੜ ਨੇ ਕਿਹਾ ਸਿੱਧੂ ਤੇ ਚੰਨੀ ਦੀ ਜੋੜੀ ਨੇ ਕਾਂਗਰਸ ਦੇ ਬੁੱਝ ਰਹੇ ਦੀਵਿਆਂ ‘ਚ ਤੇਲ ਪਾਇਆ ਹੈ।

ਪੰਜਾਬ ‘ਚ ਨਹੀਂ ਰਹੇਗਾ ਰੇਤ ਤੇ ਕੇਬਲ ਮਾਫੀਆ : ਚੰਨੀ, ਸਮਾਧ ਭਾਈ ਨੂੰ ਬਣਾਇਆ ਜਾਵੇਗਾ ਸਬ ਤਹਿਸੀਲ

ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਦੋ ਕਿਲੋ ਵਾਟ ਤਕ ਬਿਜਲੀ ਦੇ ਬਿੱਲ ਮਾਫ਼ ਕੀਤੇ ਹਨ ਅਤੇ ਰੇਤਾ 5 ਰਪੁਏ ਫੁੱਟ ਕਰਕੇ ਆਮ ਵਰਗ ਨੂੰ ਸਹੂਲਤ ਦਿੱਤੀ ਹੈ। ਹੁਣ ਰੇਤਾ 5 ਰੁਪਏ ਹੀ ਵਿਕੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤਾ। ਉਹ ਅੱਜ ਬਾਘਾਪੁਰਾਣਾ ਵਿਖੇ ਹਲਕਾ ਪੱਧਰੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ। ਬਾਦਲ ਪਰਿਵਾਰ 'ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ, ਪਰ ਹੁਣ ਪੰਜਾਬ ਨੂੰ ਲੁੱਟਣ ਨਹੀਂ ਦਿੱਤਾ ਜਾਵੇਗਾ। ਹੁਣ ਪੰਜਾਬ ਦੀ ਅਗਵਾਈ ਨੌਜਵਾਨ ਕਰੇਗਾ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਮੁੱਖ ਮੰਤਰੀ ਚੰਨੀ ਨੇ ਵਿਧਾਇਕ ਦਰਸ਼ਨ ਬਰਾੜ ਦੀ ਮੰਗ ਤੇ ਬਾਘਾਪੁਰਾਣਾ ਤੇ ਠੱਠੀ ਭਾਈ ਦੇ ਸਰਕਾਰੀ ਹਸਪਤਾਲਾਂ ਨੂੰ ਅਪਗਰੇਟ ਕਰਨ ਦਾ ਐਲਾਨ ਕਰਦਿਆਂ ਸਮਾਧ ਭਾਈ ਨੂੰ ਸਬ ਤਹਿਸੀਲ ਬਨਾਉਣ ਦਾ ਭਰੋਸੀ ਵੀ ਦਿੱਤਾ। ਉਨ੍ਹਾਂ ਕੇਜਰੀਵਾਲ ਤੇ ਤਨਜ਼ ਕਸਦਿਆਂ ਕਿਹਾ ਕਿ ਇਸ ਵਾਰ ਕੇਜਰੀਵਾਲ ਹੀ ਕਿਉਂ ਕੀ ਪੰਜਾਬ ਦੇ ਨੌਜਵਾਨ ਪੰਜਾਬ ਦੀ ਅਗਵਾਈ ਨਹੀਂ ਕਰ ਸਕਦੇ।

Posted By: Ramandeep Kaur