ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਦੋ ਵੱਖ ਵੱਖ ਥਾਵਾਂ ਤੋਂ ਚੋਰੀ ਦੀ ਰੇਤਾ ਸਮੇਤ ਦੋ ਟਰੈਕਟਰ ਟਰਾਲੀਆਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਫਰਾਰ ਹੋ ਗਿਆ।

ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਸ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਦਲਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੂਲੇ ਜ਼ਿਲ੍ਹਾ ਫਿਰੋਜਪੁਰ ਅਤੇ ਹਰਚੰਦ ਸਿੰਘ ਪੁੱਤਰ ਧਰਮ ਸਿੰਘ ਵਾਸੀ ਕਿਲੀ ਨੌਂ ਅਬਾਦ ਜੋ ਕਿ ਚੋਰੀ ਦੀ ਰੇਤਾ ਨੂੰ ਟਰੈਕਟਰ ਟਰਾਲੀ ਵਿਚ ਲੈ ਕੇ ਆ ਰਹੇ ਹਨ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਕੋਟ ਈਸੇ ਖਾਂ ਵਿਖੇ ਨਾਕਾਬੰਦੀ ਕਰਕੇ ਜਦ ਰੇਤਾ ਨਾਲ ਭਰੇ ਟਰੈਕਟਰ ਟਰਾਲੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦਲਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਪੁਲਿਸ ਨੇ ਹਰਚੰਦ ਸਿੰਘ ਨੂੰ ਕਾਬੂ ਕਰਕੇ ਰੇਤਾ ਦੀ ਪਰਚੀ ਮੰਗੀ ਤਾਂ ਉਹ ਪਰਚੀ ਦਿਖਾ ਨਹੀਂ ਸਕਿਆ। ਪੁਲਿਸ ਨੇ ਹਰਚੰਦ ਸਿੰਘ ਨੂੰ ਰੇਤਾ ਨਾਲ ਭਰੇ ਟਰੈਕਟਰ ਟਰਾਲੀ ਸਮੇਤ ਕਾਬੂ ਕਰ ਲਿਆ।

ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਹੀ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਪਿੰਡ ਮਨਾਵਾਂ ਦੇ ਕੋਲ ਚੋਰੀ ਦੀ ਰੇਤਾ ਸਮੇਤ ਇਕ ਟਰੈਕਟਰ ਟਰਾਲੀ ਚਾਲਕ ਨਛੱਤਰ ਸਿੰਘ ਉਰਫ ਸੱਤਾ ਪੁੱਤਰ ਮੁਰਾਦ ਸਿੰਘ ਵਾਸੀ ਪਿੰਡ ਝੰਡਾਬੱਗਾ ਪੁਰਾਣਾ ਜ਼ਿਲ੍ਹਾ ਫਿਰੋਜਪੁਰ ਨੂੰ ਕਾਬੂ ਕੀਤੇ ਹੈ। ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਚੋਰੀ ਦੀ ਰੇਤਾ ਸਣੇ ਕਾਬੂ ਕੀਤੇ ਅਤੇ ਫਰਾਰ ਹੋਏ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।