ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਮਾਈਕਰੋਫਾਈਨਾਂਸ ਕੰਪਨੀਆਂ ਵੱਲੋਂ ਅੌਰਤਾਂ ਨੂੰ ਰੁਜ਼ਗਾਰ ਲਈ ਕਰਜ਼ੇ ਦੇਣ ਦੇ ਨਾਂ ਹੇਠ ਧੋਖਾਧੜੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਸੁਭਲਕਸ਼ਮੀ, ਅੰਨਪੂਰਨਾ, ਕੈਪੀਟਲ ਅਤੇ ਅੱਪ ਮਨੀ ਆਦਿ ਕੰਪਨੀਆਂ ਛੋਟੇ ਉਦਮੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਂ ਹੇਠ ਕਰਜ਼ੇ ਦੇ ਰਹੀਆਂ ਹਨ। ਕਰਜ਼ਾ ਦੇਣ ਸਮੇਂ ਇਨ੍ਹਾਂ ਕੰਪਨੀਆਂ ਦੇ ਅਧਿਕਾਰੀ ਅੌਰਤਾਂ ਤੋਂ ਪਹਿਚਾਣ ਅਤੇ ਸਨਾਖ਼ਤ ਦੇ ਬਹਾਨੇ ਅਧਾਰ ਕਾਰਡ ਅਤੇ ਖਾਲੀ ਚੈੱਕਾਂ ਤੇ ਦਸਤਖਤ ਕਰਵਾ ਕੇ ਨਾਲ ਲੈ ਜਾਂਦੇ ਹਨ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਦਰਸ਼ਨ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ 17 ਅਗਸਤ ਨੂੰ ਇਨ੍ਹਾਂ ਕੰਪਨੀਆਂ ਵਿਰੁੱਧ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਅੌਰਤਾਂ ਤੇ ਆਦਮੀ ਜਿਨ੍ਹਾਂ ਨੇ ਲਏ ਕਰਜ਼ੇ ਤੋਂ ਵੱਧ ਰਕਮ ਕੰਪਨੀਆਂ ਨੂੰ ਕਿਸ਼ਤਾਂ ਰਾਹੀਂ ਮੋੜ ਵੀ ਦਿੱਤੇ ਹਨ।

ਕੰਪਨੀ ਅਧਿਕਾਰੀਆਂ ਵੱਲੋਂ ਘਰਾਂ ਨੂੰ ਜਿੰਦਰਾ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਹਿੰਮਤਪੁਰਾ ਅਤੇ ਮੋਗਾ ਜਿਲੇ੍ਹ ਦੇ ਪ੍ਰਧਾਨ ਮੇਜਰ ਸਿੰਘ ਕਾਲੇਕੇ ਨੇ ਦੱਸਿਆ ਕਿ ਉਪਰੋਕਤ ਕੰਪਨੀ ਦੇ ਬ੍ਾਂਚ ਦਫਤਰ ਲੋਪੋ ਮੂਹਰੇ ਮਜ਼ਦੂਰ ਜਥੇਬੰਦੀ ਦੀ ਅਗਵਾਈ 'ਚ ਪੀੜਤ ਅੌਰਤਾਂ ਵੱਲੋਂ 17 ਅਗਸਤ ਨੂੰ ਧਰਨਾ ਲਾਇਆ ਜਾਵੇਗਾ। ਉਨ੍ਹਾਂ ਹੋਰ ਕੰਪਨੀਆਂ ਤੋਂ ਪੀੜਤ ਅੌਰਤਾਂ ਨੂੰ ਵੀ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਮੀਟਿੰਗ ਵਿੱਚ ਜੱਗਾ ਸਿੰਘ, ਜੋਧਾ ਸਿੰਘ ਕੁੱਸਾ ਅਤੇ ਲੋਪੋ, ਕੁੱਸਾ ਪਿੰਡਾਂ ਦੀਆਂ ਪੀੜਤ ਅੌਰਤਾਂ ਵੀ ਹਾਜ਼ਰ ਸਨ।