ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਨਗਰ ਨਿਗਮ ਮੋਗਾ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਆਉਂਦੇ ਸਾਰੇ 50 ਵਾਰਡਾਂ ਵਿੱਚ ਡੋਰ ਟੂ ਡੋਰ ਗਿੱਲੇ ਅਤੇ ਸੁੱਕੇ ਕੂੜੇ ਦੀ ਕੂਲੈਕਸ਼ਨ ਅਲੱਗ ਅਲੱਗ ਕੀਤੀ ਜਾ ਰਹੀ ਹੈ।

ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੁਆਰਾ ਪੰਜਾਬ ਸਰਕਾਰ ਦੀਆਂ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਾਇਓ ਰੈਮੀਡੇਸ਼ਨ ਕਰਨ ਲਈ 4 ਮਕੈਨੀਕਲ ਸਪਰੈਟਰ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਇਨ੍ਹਾਂ ਦੁਆਰਾ ਡੰਪ ਸਾਈਟ ਤੇ ਇਕੱਠੇ ਕੀਤੇ ਗਏ ਪੁਰਾਣੇ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ।

ਇਸ ਵਕਤ ਘਰਾਂ ਤੋਂ ਹੀ ਸੈਗਰੀਗੇਟ ਵੇਸਟ (ਗਿੱਲਾ ਅਤੇ ਸੁੱਕਾ ਅਲੱਗ ਅਲੱਗ) ਕੁਲੈਕਟ ਕੀਤਾ ਜਾਂਦਾ ਹੈ ਤਾਂ ਜੋ ਗਿੱਲੇ ਕੁੜੇ ਤੋਂ ਕੰਪੋਸਟ ਖਾਦ ਤਿਆਰ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਅਲੱਗ ਅਲੱਗ ਰੱਖਣ ਦੀ ਅਪੀਲ ਵੀ ਕੀਤੀ।

ਇਸ ਤੋਂ ਇਲਾਵਾ ਸ਼ਹਿਰ ਵਿੱਚ ਬਣੇ ਪਾਰਕਾਂ ਦੇ ਕੂੜੇ ਦੇ ਨਿਪਟਾਰੇ ਲਈ ਪਾਰਕਾਂ ਦੇ ਵਿੱਚ ਕੰਪੋਸਟ ਪਿੱਟ ਬਣਾਏ ਗਏ ਹਨ। ਸ਼ਹਿਰ ਵਿੱਚੋਂ ਪਲਾਸਟਿਕ ਵੇਸਟ ਇਕੱਠਾ ਕਰਨ ਲਈ ਵੱਖ ਵੱਖ ਥਾਵਾਂ ਤੇ ਪਲਾਸਟਿਕ ਯੁਨਿਟ ਵੀ ਸਥਾਪਿਤ ਕੀਤੇ ਗਏ ਹਨ।

ਨਗਰ ਨਿਗਮ ਮੋਗਾ ਦੁਆਰਾ ਸ਼ਹਿਰ ਵਿੱਚ 3 ਐਮ.ਆਰ.ਐਫ. ਸੈਂਟਰ ਵੀ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਚੜਿੱਕ ਰੋਡ ਵਿਖੇ ਐਮ.ਆਰ.ਐਫ. ਸੈਂਟਰ ਤਿਆਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਮੇਨ ਬਜ਼ਾਰ, ਪਾਰਕਾਂ ਅਤੇ ਹੋਰ ਪਬਲਿਕ ਥਾਵਾਂ ਤੋਂ ਹਰੇ ਅਤੇ ਨੀਲੇ ਰੰਗ ਦੇ 100 ਡਸਟਬਿਨ ਲਗਵਾਏ ਗਏ ਹਨ, ਤਾਂ ਜੋ ਲੋਕਾਂ ਦੁਆਰਾ ਹਰ ਤਰ੍ਹਾਂ ਦਾ ਵੇਸਟ ਇਨ੍ਹਾਂ ਵਿੱਚ ਅਲੱਗ ਅਲੱਗ ਸੁੱਟਿਆ ਜਾ ਸਕੇ। ਸ਼ਹਿਰ ਵਿੱਚੋਂ ਡੋਰ ਟੂ ਡੋਰ ਬਾਇਓ ਮੈਡੀਕਲ ਵੇਸਟ ਇਕੱਠਾ ਕਰਨ ਲਈ ਨਗਰ ਨਿਗਮ ਮੋਗਾ ਵੱਲੋਂ ਚਲਾਈਆਂ ਜਾ ਰਹੀਆਂ ਟਰਾਲੀਆਂ ਨਾਲ ਪੀਲੇ ਰੰਗ ਦੇ ਬੇੈਗ ਲਗਾਏ ਗਏ ਹਨ ਤਾਂ ਜੋ ਲੋਕ ਆਪਣੇ ਘਰਾਂ ਦਾ ਬਾਇਓ ਮੈਡੀਕਲ ਵੇਸਟ ਇਨ੍ਹਾਂ ਪੀਲੇ ਰੰਗ ਦੇ ਬੈਗਜ਼ ਵਿੱਚ ਪਾ ਸਕਣ।