ਸਵਰਨ ਗੁਲਾਟੀ, ਮੋਗਾ : ਸਥਾਨਕ ਚੁੰਗੀ ਨੰਬਰ 'ਤੇ ਸਥਿਤ ਇਕ ਕੰਧ 'ਤੇ ਲੱਗੇ ਭਗਵਾਨ ਵਾਲਮੀਕਿ ਦੇ ਫਲੈਕਸ ਬੋਰਡ ਨੂੰ ਸ਼ਰਾਰਤੀ ਅਨਸਰਾਂ ਨੇ ਬੀਤੀ ਰਾਤ ਫਲੈਕਸ ਬੋਰਡ ਨੂੰ ਉਤਾਰਕੇ ਉਸ ਨੂੰ ਅੱਗ ਲਗਾ ਦਿੱਤੀ। ਘਟਨਾ ਦਾ ਪਤਾ ਚੱਲਦਿਆਂ ਹੀ ਭਗਵਾਨ ਸ਼੍ਰੀ ਵਾਲਮੀਕਿ ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਦੀ ਲਿਖਤ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ।

ਸੁਸਾਇਟੀ ਦੇ ਚੇਅਰਮੈਨ ਬਲਦੇਵ ਸਿੰਘ ਭੱਟੀ ਅਤੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਹਰ ਸਾਲ ਭਗਵਾਨ ਵਾਲਮੀਕਿ ਦੀ ਜੈਅੰਤੀ ਮਨਾਉਂਦੀ ਹੈ ਅਤੇ ਰਮਾਇਣ ਦਾ ਪਾਠ ਕਰਵਾਇਆ ਜਾਂਦਾ ਅਤੇ ਭੋਗ ਪੈਣ ਤੋਂ ਬਾਅਦ ਸੁਸਾਇਟੀ ਦੇ ਸਾਰੇ ਮੈਂਬਰ ਅਮਿ੍ਤਸਰ ਸਾਹਿਬ ਵਿਖੇ ਸ਼੍ਰੀ ਰਾਮ ਤੀਰਥ ਵਿਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਭਗਵਾਨ ਵਾਲਮੀਕ ਜੀ ਦੀ ਤਸਵੀਰ ਵਾਲਾ ਇਕ ਫਲੈਕਸ ਬੋਰਡ ਸਥਾਨਕ ਤਿੰਨ ਨੰਬਰ ਚੁੰਗੀ ਤੇ ਲਗਾਇਆ ਹੋਇਆ ਸੀ ਜਿਸ ਨੂੰ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਅੱਗ ਲਗਾਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸੁਸਾਇਟੀ ਦੇ ਮੈਂਬਰਾਂ ਵੱਲੋਂ ਐਤਵਾਰ ਦੀ ਸਵੇਰੇ ਸਮਾਜਸੇਵੀ ਵਿਨੋਦ ਕੁਮਾਰ ਉਰਫ ਕਾਲਾ ਛਾਬੜਾ ਦੀ ਅਗੁਵਾਈ ਵਿਚ ਪੁਲਿਸ ਨੂੰ ਇਕ ਲਿਖਤ ਸ਼ਿਕਾਇਤ ਦੇਕੇ ਫਲੈਕਸ ਬੋਰਡ ਨੂੰ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ਼ ਬਨਦੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ।

ਜਦ ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਗੁਰਪ੍ਰਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਪੁਲਿਸ ਵੱਲੋਂ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਚੈਕ ਕੀਤਾ ਜਾਵੇਗਾ ਤੇ ਅਰੋਪੀ ਲੋਕਾਂ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ।