ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਮੁਖਬਰ ਦੀ ਸੂਚਨਾ ਤੇ ਗੱਡੀ ਵਿਚ ਨਸ਼ਾ ਪੀ ਰਹੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਦੀਪਕ ਕੁਮਾਰ ਪੁੱਤਰ ਸ਼ਾਮ ਸੁੰਦਰ ਵਾਸੀ ਬੇਦੀ ਨਗਰ ਮੋਗਾ ਜੋ ਕਿ ਟਰੱਸਟ ਮਾਰਕੀਟ ਦੇ ਪਿਛਲੇ ਪਾਸੇ ਆਪਣੀ ਗੱਡੀ ਵਿਚ ਕਥਿਤ ਤੌਰ ਤੇ ਨਸ਼ੇ ਦਾ ਸੇਵਨ ਕਰ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਉਸ ਨੂੰ ਚਿੱਟੇ ਰੰਗ ਦੀ ਰਿਟਿਜ ਕਾਰ ਵਿਚੋਂ ਕਾਬੂ ਕਰਕੇ ਉਸ ਕੋਲੋਂ ਇਕ ਪੰਨੀ ਸਿਲਵਰ ਅਤੇ ਇਕ ਲਾਈਟਰ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।