ਵਕੀਲ ਮਹਿਰੋਂ, ਮੋਗਾ : ਮੋਗਾ ਤੋਂ ਵਿਧਾਇਕ ਡਾ: ਹਰਜੋਤ ਕਮਲ ਨੇ ਆਪਣੇ ਹਲਕਾ ਮੋਗਾ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਨਾਲ ਇੱਕ ਭਰਵੀਂ ਮੀਟਿੰਗ ਕਰਕੇ ਉਨ੍ਹਾਂ ਦੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵੱਲੋਂ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮਤੇ ਪਾਉਂਦਿਆਂ ਕੇਂਦਰ ਸਰਕਾਰ ਖਿਲਾਫ਼ ਐਲਾਨੇ ਜੰਗ ਕਰ ਦਿੱਤਾ ਗਿਆ ਹੈ। ਇਨ੍ਹਾਂ ਮਤਿਆਂ ਰਾਹੀਂ ਗ੍ਰਾਮ ਸਭਾਵਾਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਵੱਲੋਂ ਰਾਜ ਸਭਾ ਅਤੇ ਲੋਕ ਸਭਾ 'ਚ ਪਾਸ ਕਰਵਾਏ ਗਏ ਕਿਸਾਨ ਮਜਦੂਰ ਅਤੇ ਪੰਜਾਬ ਮਾਰੂ ਕਾਲੇ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ।

ਮੋਗਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ, ਆੜ੍ਹਤੀਆਂ ਅਤੇ ਮਜ਼ਦੂਰ ਮਾਰੂ ਆਰਡੀਨੈਂਸ ਲਿਆਂਦੇ ਜਾਣ ਦੇ ਸਮੇਂ ਤੋਂ ਹੀ ਉਨ੍ਹਾਂ ਨੇ ਨਿਰੰਤਰ ਮੋਗਾ ਹਲਕੇ ਦੇ ਪਿੰਡਾਂ ਦੇ ਨੁਮਾਇੰਦਿਆਂ ਅਤੇ ਮੋਹਤਬਰਾਂ ਨਾਲ ਕਾਲੇ ਬਿੱਲਾਂ ਖਿਲਾਫ਼ ਸੰਘਰਸ਼ ਲਈ ਜ਼ਮੀਨ ਤਿਆਰ ਕਰਨ ਦੀ ਸਫ਼ਲ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਤੇ ਪਾਉਣ ਵਾਸਤੇ ਗ੍ਰਾਮ ਸਭਾਵਾਂ ਬੁਲਾਉਣ ਦੀਆਂ ਤਿਆਰੀਆਂ ਨਿੱਤ ਦਿਨ ਚੱਲ ਰਹੀਆਂ ਹਨ। ਉਨ੍ਹਾਂ ਆਖਿਆ ਕਿ ਮੋਗਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਸੀ ਕਿ ਉਹ ਕਾਂਗਰਸੀ ਬਾਅਦ ਵਿਚ ਹਨ ਪਰ ਪੰਜਾਬੀ ਪਹਿਲਾਂ, ਇਸ ਕਰਕੇ ਪੰਜਾਬ ਨੂੰ ਨੇਸਤੋ ਨਬੂਦ ਕਰਨ ਦੀਆਂ ਹਰਕਤਾਂ ਕਰਨ ਵਾਲੇ ਹਰ ਵਿਅਕਤੀ ਖਿਲਾਫ਼ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੰਗ ਲੜਨ ਦੀ ਲੋੜ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਇਸੇ ਭਾਵਨਾ ਤਹਿਤ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵੀ ਗ੍ਰਾਮ ਸਭਾਵਾਂ ਰਾਹੀਂ ਅਜਿਹੇ ਮਤੇ ਪਾਉਣ ਦੀ ਕਾਂਗਰਸ ਪਾਰਟੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਨਾਲ ਜੁੜਨ ਦਾ ਐਲਾਨ ਕੀਤਾ ਹੈ। ਵਿਧਾਇਕ ਡਾ: ਹਰਜੋਤ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀ ਪੱਧਰ 'ਤੋਂ ਉੱਪਰ ਉੱਠ ਕੇ ਕਾਲੇ ਖੇਤੀ ਕਾਨੂੰਨਾਂ ਨੂੰੂ ਰੱਦ ਕਰਵਾਉਣ ਲਈ ਮੈਦਾਨੇ ਜੰਗ ਵਿਚ ਆਉਣ ਦੀ ਅਪੀਲ ਕੀਤੀ।