ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਚੋਰੀ ਦੀ ਰੇਤਾ ਸਮੇਤ ਦੋ ਟਰੈਕਟਰ ਟਰਾਲੀਆਂ ਨੂੰ ਕਾਬੂ ਕਰਕੇ ਮੌਕੇ ਤੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਇਕ ਵਿਅਕਤੀ ਫਰਾਰ ਹੋ ਗਿਆ ਹੈ।

ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਣੇ ਗਸ਼ਤ ਕਰ ਰਹੇ ਸੀ। ਜਦ ਉਹ ਪਿੰਡ ਗਿੱਲ ਕੋਲ ਪੁੱਜੇ ਤਾਂ ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਹਰਦੀਪ ਸਿੰਘ ਪੁੱਤਰ ਲਾਲ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਜੈ ਸਿੰਘ ਵਾਲਾ ਜੋ ਕਿ ਚੋਰੀ ਅਤੇ ਗੈਰਕਾਨੂੰਨੀ ਢੰਗ ਨਾਲ ਰੇਤਾ ਨੂੰ ਪੁੱਟਕੇ ਉਸ ਨੂੰ ਅੱਗੇ ਵੇਚਣ ਦੇ ਆਦਿ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਦੋਨੋਂ ਕਾਬੂ ਆ ਸਕਦੇ ਹਨ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਨਾਕੇਬੰਦੀ ਕਰਕੇ ਮੌਕੇ ਤੇ ਚੋਰੀ ਦੀ ਰੇਤਾ ਸਣੇ ਦੋ ਟਰੈਕਟਰ ਟਰਾਲੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੌਕੇ ਕੁਲਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦਕਿ ਹਰਦੀਪ ਸਿੰਘ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਿਸ ਨੇ ਦੋਨਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।