ਵਕੀਲ ਮਹਿਰੋਂ, ਮੋਗਾ : ਇੰਟਕ ਨਾਲ ਸਬੰਧਿਤ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਦੇ ਰਾਜ ਮਿਸਤਰੀ ਮਜਦੂਰਾਂ ਨੇ ਅੱਜ ਦੇ ਕਿਸਾਨਾਂ ਦੇ ਪੰਜਾਬ ਬੰਦ ਦੇ ਸਮਰਥਨ ਵਿੱਚ ਆਪਣਾ ਕੰਮ ਬੰਦ ਰੱਖਿਆ ਅਤੇ ਕਿਸਾਨਾਂ ਦੇ ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲਾਂ ਨੂੰ ਵਾਪਸ ਲੈਣ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ। ਇਹ ਜਾਣਕਾਰੀ ਅੱਜ ਇਥੇ ਨੀਵੇਂ ਪੁਲ ਨੇੜੇ ਸਥਿਤ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਦੇ ਦਫਤਰ ਵਿੱਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪ੍ਰਦੇਸ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਬਾਬਾ ਵਿਸ਼ਵਕਰਮਾ ਰਾਜ ਮਿਸਤਰੀ ਮਜਦੂਰ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਨੇ ਦਿੱਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਬਿੱਲ ਵਾਪਸ ਨਾ ਲਏ ਤਾਂ ਸੰਘਰਸ਼ ਜਾਰੀ ਰਹੇਗਾ।