ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਪਾਸ ਕੀਤੇ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰਦਿਆਂ ਹੁਣ ਯੂਥ ਵੀ ਸੜਕਾਂ ਤੇ ਉਤਰ ਆਇਆ ਹੈ। ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮੱਲੇਆਣਾ ਦੇ ਨੌਜਵਾਨਾਂ ਨੇ ਵੀ ਰੋਸ ਰੈਲੀ ਦੌਰਾਨ ਕੇਂਦਰ ਨੂੰ ਲਲਕਾਰ ਪਾਈ ਹੈ।

ਵੀਰਵਾਰ ਨੂੰ ਸੈਂਕੜੇ ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਕੱਠੇ ਹੋ ਕੇ ਪਿੰਡ ਵਿਚ ਆਰਡੀਨੈਂਸ ਬਿੱਲਾਂ ਖਿਲਾਫ ਜਿੱਥੇ ਰੋਸ ਮਾਰਚ ਕੀਤਾ ਗਿਆ, ਉਥੇ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਵੀ ਕੀਤੀ। ਇਕੱਤਰ ਹੋਏ ਪਿੰਡ ਵਾਸੀਆਂ ਤੇ ਨੌਜਵਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਹਕੂਮਤ ਵਲੋਂ ਮੰਡੀਕਰਨ ਤੋੜ ਕੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਉਸੇ ਤਰ੍ਹਾਂ ਆਰਡੀਨੈਂਸ ਬਿੱਲਾਂ ਰਾਹੀਂ ਆਮ ਵਰਗ ਦੇ ਨਾਲ ਦੁਕਾਨਦਾਰ ਵੀ ਖਤਮ ਹੋ ਜਾਵੇਗਾ।

ਇਸ ਰੋਸ ਮਾਰਚ ਨੂੰ ਪਿੰਡ ਦੇ ਨੌਜਵਾਨਾਂ ਨੇ ਅੰਦਰਲਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਦਿਆਂ ਪਿੰਡ ਦੀ ਫਿਰਨੀ ਰਾਹੀਂ ਬਾਹਰਲਾ ਗੁਰਦੁਆਰਾ ਸਾਹਿਬ ਆ ਕੇ ਸਮਾਪਿਤ ਕੀਤਾ। ਨੌਜਵਾਨਾਂ ਦੇ ਭਾਰੀ ਇਕੱਠ ਦੌਰਾਨ ਜਿੱਥੇ ਮੋਦੀ ਦੀ ਕੇਂਦਰ ਹਕੂਮਤ ਨੂੰ ਜਿਥੇ ਕੋਸਿਆ ਗਿਆ ਉਥੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਹਰ ਸੰਘਰਸ਼ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਨਾਲ ਹੀ ਅੱਜ ਦੇ ਪੰਜਾਬ ਬੰਦ ਦੌਰਾਨ ਨੈਸ਼ਨਲ ਹਾਈਵੇ ਜਾਮ ਕਰਕੇ ਧਰਨੇ ਵਿਚ ਵੀ ਸ਼ਮੁਲੀਅਤ ਕਰਨ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਧਰਨੇ ਵਿਚ ਵੱਧ ਇਕੱਠ ਕਰਕੇ ਮੋਦੀ ਤੇ ਸ਼ਾਹ ਦੀ ਹਕੂਮਤ ਨੂੰ ਲਲਕਾਰ ਪਾਈ ਜਾਵੇ।

ਇਸ ਮੌਕੇ ਸੰਤ ਬਾਬਾ ਨਰੈਣ ਸਿੰਘ ਸੰਸਥਾ ਦੇ ਪ੍ਰਧਾਨ ਹਰਦੇਵ ਸਿੰਘ ਫੋਰਮੈਨ, ਕੋਆਪਰੇਟ ਸੁਸਾਇਟੀ ਦੇ ਮੀਤ ਪ੍ਰਧਾਨ ਸਤਨਾਮ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਸਪੋਰਟਸ ਕਲੱਬ ਪ੍ਰਧਾਨ ਜਗਜੀਤ ਸਿੰਘ ਭੰਗੂ, ਬਲਵੀਰ ਸਿੰਘ, ਪੰਚ ਬਹਾਦਰ ਸਿੰਘ, ਕਿਸਾਨ ਆਗੂ ਬਲਕਰਨ ਸਿੰਘ, ਅਮਰਪਰੀਤ ਸਿੰਘ, ਕਿਰਨਦੀਪ ਸਿੰਘ, ਹਰਮਨ ਸਿੰਘ, ਹਰਸਨ ਸਿੰਘ ਘੁਮਾਣ, ਕੁਲਵੰਤ ਸਿੰਘ ਕੇਬੀ, ਜਗਰਾਜ ਸਿੰਘ, ਬੇਅੰਤ ਸਿੰਘ ਤੋਂ ਇਲਾਵਾ ਨੌਜਵਾਨ ਵਰਗ ਨੇ ਇਸ ਰੋਸ ਮਾਰਚ ਵਿਚ ਵੱਧ ਚੱੜ੍ਹ ਕੇ ਸ਼ਮੂਲੀਅਤ ਕੀਤੀ।