ਸਤਨਾਮ ਸਿੰਘ ਘਾਰੂ, ਧਰਮਕੋਟ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਉਣ ਲਈ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਮੰਗਲਵਾਰ ਨੰੂ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਟੈਕਸੀ ਯੂਨੀਅਨ ਧਰਮਕੋਟ ਵਿਖੇ ਡਰਾਈਵਰਾਂ ਤੇ ਆਮ ਪਬਲਿਕ ਨੂੰ ਬੱਸ ਸਟੈਂਡ ਧਰਮਕੋਟ ਵਿਖੇ ਇਕੱਤਰ ਕਰਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਏਐੱਸਆਈ ਕੇਵਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਮਹਿਲਾ ਹੈੱਡ ਕਾਂਸਟੇਬਲ ਸਿਮਰਨਜੀਤ ਕੌਰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ।

ਕੇਵਲ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਬਲਿਕ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਹੋਇਆ ਕਰਫਿਊ ਚਾਹੇ ਘਟਾ ਦਿੱਤਾ ਗਿਆ ਹੈ ਪਰ ਕੋਰੋਨਾ ਵਾਇਰਸ ਦਾ ਖਤਰਾ ਅੱਜ ਵੀ ਬਰਕਰਾਰ ਹੈ ਇਸ ਤੋਂ ਬਚਣ ਲਈ ਸਾਨੂੰ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ। ਜ਼ਰੂਰੀ ਹੈ ਕਿ ਅਸੀਂ ਘਰਾਂ ਵਿੱਚ ਰਹੀਏ, ਆਪਸ ਵਿੱਚ ਦੂਰੀ ਬਣਾਈ ਰੱਖੀਏ, ਮਾਸਕ ਪਹਿਨ ਕੇ ਰੱਖੀਏ, ਸੈਨੇਟਾਈਜ਼ਰ ਦੀ ਵਰਤੋਂ ਕਰੀਏ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋਈਏ। ਇਸ ਤੋਂ ਇਲਾਵਾ ਉਨ੍ਹਾਂ ਨੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਕੋਵਾ ਐਪ ਆਪਣੇ ਫੋਨਾਂ ਵਿੱਚ ਡਾਊਨਲੋਡ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਡਰਾਇਵਰਾਂ ਕੰਡਕਟਰਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਆਪਣੇ ਸਾਰੇ ਵਹੀਕਲਾਂ ਉੱਪਰ ਸਰਕਾਰੀ ਨੰਬਰ ਪਲੇਟਾਂ ਲਗਾਉਣ ਦੀ ਹਦਾਇਤ ਕੀਤੀ।

ਮਹਿਲਾ ਹੈੱਡ ਕਾਂਸਟੇਬਲ ਸਿਮਰਨਜੀਤ ਕੌਰ ਨੇ ਵਾਹਨ ਚਲਾਉਣ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਸੁਚੇਤ ਰਹਿਣ ਲਈ ਜਾਣੂ ਕਰਵਾਇਆ ਅਤੇ ਇਸ ਦੇ ਨਾਲ ਹੀ ਕਿਸੇ ਤਰਾਂ ਦੀ ਸਮੱਸਿਆ ਸਮੇਂ ਲੋੜ ਪੈਣ ਤੇ ਹੈਲਪਲਾਈਨ ਨੰਬਰ ਜਿਹੜਾ ਕਿ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀ ਗਿਆ ਹੈ 112 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਲੋੜਵੰਦਾਂ ਨੂੰ ਮਾਸਕ ਵੀ ਵੰਡੇ ਗਏ।