ਸਵਰਨ ਗੁਲਾਟੀ, ਮੋਗਾ : ਕਸਬਾ ਫਤਿਹਗੜ੍ਹ ਪੰਜਤੂਰ ਦੇ ਪਿੰਡ ਖੰਬੇ ਵਿਖੇ ਇਕ ਤੇਜ ਰਫਤਾਰ ਟਰੈਕਟਰ ਟਰਾਲੀ ਦੇ ਚਾਲਕ ਵੱਲੋਂ ਟਰੈਕਟਰ ਨੂੰ ਲਾਪਰਵਾਹੀ ਨਾਲ ਚਲਾਉਂਦਿਆਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਟਰੈਕਟਰ ਟਰਾਲੀ ਨੂੰ ਆਪਣੇ ਕਬਜੇ ਵਿਚ ਲੈ ਕੇ ਉਸ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਫਤਿਹਗੜ੍ਹ ਪੰਜਤੂਰ ਦੇ ਹੌਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਰਾਜਾਵਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਛੋਟਾ ਭਰਾ ਚਰਨ ਸਿੰਘ ਉਮਰ 32 ਸਾਲ 25 ਨਵੰਬਰ ਦੀ ਦੇਰ ਸ਼ਾਮ ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਤਿਹਗੜ੍ਹ ਪੰਜਤੂਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦ ਉਹ ਪਿੰਡ ਖੰਬੇ ਦੇ ਕੋਲ ਪੱੁਜਾ ਤਾਂ ਇਸ ਦੌਰਾਨ ਅਮਿ੍ਤਪਾਲ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਫਹਿਤਗੜ੍ਹ ਪੰਜਤੂਰ ਵੱਲੋਂ ਆਪਣੇ ਟਰੈਕਟਰ ਟਰਾਲੀ ਨੂੰ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦਾ ਭਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੇ ਦੋਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਟਰੈਕਟਰ ਟਰਾਲੀ ਨੂੰ ਕਬਜੇ ਵਿਚ ਲੈਕੇ ਉਸ ਦੇ ਚਾਲਕ ਅਮਿ੍ਤਪਾਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।