ਵਕੀਲ ਮਹਿਰੋਂ, ਮੋਗਾ : ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਪਿੰਡ ਵੱਡਾ ਘਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਅੌਰਤ ਵਿੰਗ ਅਤੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਵੱਲੋਂ ਕੇਂਦਰ ਸਰਕਾਰ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ।

ਇਸ ਮੌਕੇ ਅੌਰਤ ਵਿੰਗ ਦੀ ਆਗੂ ਜਸਵਿੰਦਰ ਕੌਰ ਵੱਡਾ ਘਰ, ਯੂਥ ਵਿੰਗ ਦੇ ਆਗੂ ਸੁਖਵੀਰ ਸਿੰਘ ਵੱਡਾ ਘਰ ਨੇ ਆਖਿਆ ਕਿ ਅੱਜ ਜੋ ਲੋਹੜੀ ਮਨਾਈ ਜਾ ਰਹੀ ਹੈ, ਉਹ ਦੁੱਲ੍ਹੇ ਭੱਟੀ ਦੀ ਵਿਰਾਸਤ ਨੂੰ ਤਾਜਾ ਕਰਦੀ ਹੈ। ਕਿਉਂਕਿ ਜਿਸ ਸਮੇਂ ਦੁੱਲ੍ਹੇ ਭੱਟੀ ਦਾ ਜਨਮ ਹੁੰਦਾ ਹੈ ਉਸ ਤੋਂ ਪਹਿਲਾਂ ਉਸ ਦੀਆਂ ਦੋ ਪੀੜ੍ਹੀਆਂ ਉਸ ਸਮੇਂ ਦੇ ਹਾਕਮ ਅਕਬਰ ਬਾਦਸ਼ਾਹ ਨੇ ਖਤਮ ਕਰ ਦਿੱਤੀਆਂ ਸਨ। ਉਸ ਤੋਂ ਬਾਅਦ ਜਦੋਂ ਦੁੱਲ੍ਹੇ ਭੱਟੀ ਨੇ ਨਾਲ ਅਕਬਰ ਨਾਲ ਟੱਕਰ ਲਈ ਤਾਂ ਅਕਬਰ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ। ਅਕਬਰ ਨੂੰ ਦਿੱਲੀ ਦੀ ਰਾਜਧਾਨੀ ਨੂੰ ਛੱਡ ਕੇ ਲਹੌਰ ਨੂੰ ਹੈਡਕੁਆਰਟਰ ਬਣਾਉਣਾ ਪਿਆ ਸੀ। ਅੱਜ ਦੇ ਦੁੱਲ੍ਹੇ ਭੱਟੀਆਂ ਨੇ ਵੀ ਅੱਜ ਦੀ ਕੇਂਦਰ ਦੀ ਮੋਦੀ ਸਰਕਾਰ ਨਾਲ ਟੱਕਰ ਲਈ ਹੋਈ ਹੈ। ਇਸ ਸਮੇਂ ਜੋ ਸਾਥੀ ਮੋਦੀ ਸਰਕਾਰ ਦੇ ਲਿਆਂਦੇ ਗਏ ਕਾਲੇ ਕਾਨੂੰਨਾਂ ਖਿਲਾਫ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸਮਰਪਿਤ ਅੱਜ ਇਹ ਲੋਹੜੀ ਮਨਾਈ ਗਈ ਅਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਨੂੰ ਦਿੱਲੀ ਵਿਚ ਕਿਸਾਨ ਪਰੇਡ ਹੋਣ ਜਾ ਰਹੀ ਹੈ ਉਸ ਵਿੱਚ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਟਰੈਕਟਰ ਤੇ ਪਿੰਡਾਂ ਵਿਚੋਂ ਕਿਸਾਨਾਂ, ਮਜਦੂਰਾਂ, ਅੌਰਤਾਂ ਦੇ ਵੱਡੀ ਗਿਣਤੀ ਵਿਚ ਜਥੇ ਦਿੱਲੀ ਦੇ ਮਾਰਚ ਵਿੱਚ ਸ਼ਾਮਲ ਹੋਣਗੇ।