ਸਵਰਨ ਗੁਲਾਟੀ, ਮੋਗਾ : ਜ਼ਿਲ੍ਹੇ ਵਿਚ ਰੋਜ਼ਾਨਾ ਗੁੰਡਾਗਰਦੀ ਵੱਧ ਰਹੀ ਹੀ ਹੈ। ਕੁਝ ਲੋਕ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਲੋਕਾਂ ਦੇ ਘਰ ਵੜ ਕੇ ਗੋਲੀਆਂ ਚਲਾਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿਖੇ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਕੁਝ ਲੋਕਾਂ ਨੇ ਇਕ ਘਰ ਅੰਦਰ ਵੜ ਕੇ ਘਰ ਵਿਚ ਖੜੀਆਂ ਗੱਡੀਆਂ ਦੀ ਭੰਨ ਤੋੜ ਕਰਕੇ ਅਸਲੇ ਨਾਲ ਫਾਇਰ ਕਰਨ ਤੋਂ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ਤੇ ਪਿੰਡ ਦੇ ਹੀ ਇਕ ਵਿਅਕਤੀ ਸਮੇਤ ਉਸ ਦੇ 20 ਅਣਪਛਾਤੇ ਸਾਥੀਆਂ ਖਿਲਾਫ਼ ਅਸਲਾ ਐਕਟ, ਗੋਲੀਆਂ ਚਲਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਉਰਫ ਗੋਰਾ ਪੁੱਤਰ ਰੂਪ ਸਿੰਘ ਵਾਸੀ ਪਿੰਡ ਸੰਗਤਪੁਰਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੀ ਪਿੰਡ ਦੇ ਹੀ ਬੰਟੀ ਪੁੱਤਰ ਨੇਕ ਸਿੰਘ ਨਾਲ ਪੁਰਾਣੀ ਰੰਜਿਸ਼ ਚਲ ਰਹੀ ਹੈ। ਉਸ ਨੇ ਕਿਹਾ ਕਿ 1 ਦਸਬੰਰ ਦੀ ਸ਼ਾਮ ਨੂੰ ਉਹ ਘਰ ਵਿਚ ਮੌਜੂਦ ਸੀ ਤਾਂ ਇਸ ਦੌਰਾਨ ਬੰਟੀ ਆਪਣੇ ਨਾਲ 20 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈਕੇ 3 ਗੱਡੀਆ ਵਿਚ ਸਵਾਰ ਹੋਕੇ ਆਏ ਜਿਨ੍ਹਾਂ ਦੇ ਕੋਲ 12 ਬੋਰ ਰਾਇਫਲ ਅਤੇ ਪਿਸਟਲ ਫੜੇ ਹੋਏ ਸਨ। ਉਹਨਾਂ ਨੇ ਅਸਲੇ ਨਾਲ ਫਾਇਰਿੰਗ ਕੀਤੀ ਤੇ ਉਸ ਦੇ ਘਰ ਅੰਦਰ ਦਾਖਿਲ ਹੋਕੇ ਘਰ ਅੰਦਰ ਖੜੀ ਗੱਡੀ ਅਤੇ ਸਕੂਟਰੀ ਦੀ ਭੰੜਤੋੜ ਕੀਤੀ ਅਤੇ ਘਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਦਿੰਦੇ ਹੋਏ ਫਰਾਰ ਹੋ ਗਏ। ਉਸ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪੁੱਜਕੇ ਮੌਕਾ ਵੇਖਣ ਤੋਂ ਬਾਅਦ ਗੋਲੀਆਂ ਚਲਾਉਣ ਅਤੇ ਗੱਡੀਆਂ ਦੀ ਭੰਨ ਤੋੜ ਕਰਨ ਦੇ ਦੋਸ਼ ਵਿਚ ਮੁਲਜ਼ਮ ਬੰਟੀ ਸਮੇਤ ਉਸ ਦੇ 20 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।