ਵਕੀਲ ਮਹਿਰੋਂ, ਮੋਗਾ : ਸ਼ਹੀਦੇ ਆਜ਼ਮ ਭਗਤ ਸਿੰਘ ਦੇ 113ਵੇਂ ਜਨਮ ਦਿਵਸ ਮੌਕੇ ਜਿੱਥੇ ਵਿਧਾਇਕ ਡਾ: ਹਰਜੋਤ ਕਮਲ ਖਟਕੱਲ ਕਲਾਂ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਪਹੁੰਚੇ ਹਨ ਉੱਥੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਸ਼ਹੀਦ ਭਗਤ ਸਿੰਘ ਦੀ ਸਮਾਰਕ 'ਤੇ ਫੁੱਲ ਮਾਲਾ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੀ ਤਾਮੀਰ ਕਰਨ ਦਾ ਅਹਿਦ ਵੀ ਲਿਆ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ, ਗੋਲਡਨ ਐਜੂਕੇਸ਼ਨਜ਼ ਦੇ ਐੱਮਡੀ ਸੁਭਾਸ਼ ਪਲਤਾ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਕਮਲਜੀਤ ਕੌਰ ਧੱਲੇਕੇ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਨਵਜੋਤ ਸਿੰਘ ਤੂਰ ਨੇ ਵੀ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਭੇਂਟ ਕੀਤੇ।

ਇਸ ਮੌਕੇ ਵਿਨੋਦ ਬਾਂਸਲ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰਰੇਰਨਾ ਸਦਕਾ ਅੱਜ ਦਾ ਇਹ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਤਿਆਗਮਈ ਜੀਵਨ ਸਮੁੱਚੇ ਰਾਸ਼ਟਰ ਲਈ ਪ੍ਰਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਿਡਰ ਹੋਣ ਦੇ ਨਾਲ ਨਾਲ ਇਕ ਉੱਚ ਕੋਟਿ ਦੇ ਵਿਦਵਾਨ ਅਤੇ ਮਹਾਨ ਚਿੰਤਕ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਗੈਰ ਸਾਹਸ ਭਰਪੂਰ ਕਾਰਜਾਂ ਨੂੰ ਅੰਜਾਮ ਦਿੱਤਾ ਜਿਸ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪਹਿਲੀ ਵਿਚਾਰਧਾਰਾ ਸੀ 'ਮੇਰਾ ਧਰਮ ਸਿਰਫ਼ ਦੇਸ਼ ਦੀ ਸੇਵਾ ਕਰਨਾ ਹੈ' ਅਤੇ ਉਨ੍ਹਾਂ ਇਸ ਧਰਮ ਨੂੰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਿਭਾਇਆ। ਬਾਂਸਲ ਨੇ ਆਖਿਆ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਸ਼ਹੀਦ ਭਗਤ ਸਿੰਘ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ ਅਤੇ ਅੱਜ ਹਰ ਕੋਈ ਦੇਸ਼ਵਾਸੀ ਉਨ੍ਹਾਂ ਵੱਲੋਂ ਦਿੱਤੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ। ਬਾਂਸਲ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਭਗਤ ਸਿੰਘ ਦੇ ਦੇਸ਼ ਪ੍ਰਰੇਮ ਦੇ ਜਜ਼ਬੇ ਦੀ ਕਦਰ ਕਰਦਿਆਂ ਦੇਸ਼ ਦੀ ਤਰੱਕੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਸੰਹੁ ਖਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਬਦਕਿਸਮਤੀ ਦੀ ਗੱਲ ਹੈ ਕਿ ਮੌਜੂਦਾ ਕੇਂਦਰ ਸਰਕਾਰ ਤਾਨਾਸ਼ਾਹੀ ਰਵਈਆ ਅਖਤਿਆਰ ਕਰਦਿਆਂ ਲੋਕ ਸਭਾ ਅਤੇ ਰਾਜ ਸਭਾ ਵਿਚ ਲੋਕਤੰਤਰ ਦਾ ਗਲਾ ਘੁੱਟਦਿਆਂ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਕਾਨੂੰਨ ਬਣਾ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਾਖੌਲ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਨਾਪਾਕ ਇਰਾਦਿਆਂ ਕਾਰਨ ਹੀ ਕੇਂਦਰ ਨੇ ਕਿਸਾਨ ਵਿਰੋਧੀ ਕਾਨੂੰਨ ਹੋਂਦ ਵਿਚ ਲਿਆਂਦਾ ਪਰ ਕਿਸਾਨਾਂ ਦੇ ਵਿਰੋਧ ਨੂੰ ਭਾਂਪਦਿਆਂ ਬਾਦਲ ਪਰਿਵਾਰ ਨੇ ਗੱਠਜੋੜ ਨਾਲ ਨਾਤਾ ਤੋੜਿਆ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਬਾਦਲ ਕੰਪਨੀ ਵਾਂਗ ਵਿਚਰ ਰਿਹਾ ਹੈ ਅਤੇ ਉਨ੍ਹਾਂ ਹੀ ਮੋਦੀ ਸਾਬ੍ਹ ਨੂੰ ਉਕਸਾਇਆ ਕਿ ਸ਼ੋ੍ਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਭਰਮਾਉਣਾ ਜਾਣਦਾ ਹੈ ਇਸ ਕਰਕੇ ਕਿਸਾਨੀਂ ਸਬੰਧੀ ਕਾਨੂੰਨਾਂ ਲਈ ਵੀ ਉਹ ਕਿਸਾਨਾਂ ਨੂੰ ਭਰਮਾ ਲੈਣਗੇ ਪਰ ਅਕਾਲੀ ਦਲ ਭੁੱਲ ਗਿਆ ਕਿ ਹੁਣ ਦਾ ਕਿਸਾਨ ਜਾਗਰੂਕ ਹੈ ਅਤੇ ਪੰਜਾਬੀ ਕੌਮ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਕਾਲੇ ਕਾਨੂੰਨਾਂ ਤੱਕ ਸ਼ੋ੍ਮਣੀ ਅਕਾਲੀ ਦਲ ਦੀ ਪਹੁੰਚ ਬਾਰੇ ਚੰਗੀ ਤਰਾਂ ਜਾਣ ਗਈ ਹੈ ਅਤੇ ਇਸੇ ਕਰਕੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ ਕਿਉਂਕਿ ਪੰਜਾਬੀ ਇਕ ਜੁਝਾਰੂ ਕੌਮ ਹੈ ਅਤੇ ਉਹ ਆਪਣੇ ਹੱਕਾਂ ਦੀ ਹਿਫ਼ਾਜ਼ਤ ਕਰਨਾ ਜਾਣਦੀ ਹੈ।

ਸਮਾਗਮ ਦੌਰਾਨ ਨਿਰਮਲ ਮੀਨੀਆ, ਦੀਸ਼ਾ ਸਰਪੰਚ, ਸੀਰਾ ਲੰਢੇਕੇ, ਬੇਅੰਤ ਦੁੱਨੇਕੇ, ਡਾ: ਦਰਸ਼ਨ ਲਾਲ, ਧੀਰਜ ਕੁਮਾਰ, ਸੁਮਨ ਕੌਸ਼ਿਕ ਮੀਡੀਆ ਕੋਆਰਡੀਨੇਟਰ, ਦੀਪਕ ਭੱਲਾ, ਕਲਵਿੰਦਰ ਕੌਰ, ਸੀਤਾ, ਬਲਜੀਤ ਕੌਰ, ਸਰਬਜੀਤ ਕੌਰ, ਗੁਰਦੇਵ ਕੌਰ, ਜੋਤੀ, ਬਲਜੀਤ ਕੌਰ, ਸ਼ਸ਼ੀ ਅਤੇ ਚਰਨਜੀਤ ਕੌਰ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ।