ਸਵਰਨ ਗੁਲਾਟੀ, ਮੋਗਾ : ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਕਰਕੇ ਅਪਣੀ ਤਿੰਨ ਸਾਲ ਦੀ ਲੜਕੀ ਨੂੰ ਨਾਲ ਲੈਕੇ ਪੇਕੇ ਘਰ ਆਈ ਅੌਰਤ ਦੀ ਲੜਕੀ ਨੂੰ ਉਸ ਦੇ ਪਿਤਾ ਅਤੇ ਦਾਦੀ ਨੇ ਦੋ ਹੋਰ ਲੋਕਾਂ ਨਾਲ ਮਿਲਕੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਆਪਣੇ ਨਾਲ ਲੈ ਗਏ। ਪੁਲਿਸ ਨੇ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਉਸ ਦੇ ਪਿਤਾ, ਦਾਦੀ ਸਮੇਤ ਦੋ ਹੋਰ ਵਿਅਕਤੀਆਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਧਰਮਕੋਟ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਰਾਣੋ ਬਾਈ ਪਤਨੀ ਗੁਰਦੇਵ ਸਿੰਘ ਵਾਸੀ ਪਿੰਡ ਕਾਂਵਾ ਜਿਲ੍ਹਾ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਪਿੰਡ ਕਾਂਵਾ ਵਿਖੇ ਆਂਗਣਵਾੜੀ ਸੈਂਟਰ ਵਿਖੇ ਬਤੌਰ ਹੈਲਪਰ ਨੌਕਰੀ ਕਰਦੀ ਹੈ। ਉਸ ਨੇ ਕਿਹਾ ਕਿ ਪਿੰਡ ਕਾਂਵਾ ਦੀ ਅੌਰਤ ਹਰਦੀਪ ਕੌਰ ਜੋ ਕਿ ਸੁਖਪਾਲ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਰੌਲੀ ਨਾਲ ਵਿਆਹੀ ਹੋਈ ਹੈ। ਜਿਸਦੀ ਇਕ ਲੜਕੀ ਨਾਨਕਜੋਤ ਕੌਰ ਉਮਰ ਕਰੀਬ 3 ਸਾਲ ਹੈ। ਉਸ ਨੇ ਕਿਹਾ ਕਿ ਹਰਦੀਪ ਕੌਰ ਦਾ ਆਪਣੇ ਸੁਹਰੇ ਪਰਿਵਾਰ ਨਾਲ ਝਗੜਾ ਚਲਦਾ ਹੋਣ ਕਰਕੇ ਉਹ ਆਪਣੇ ਪੇਕੇ ਪਿੰਡ ਰਹਿੰਦੀ ਹੈ। ਉਸ ਨੇ ਕਿਹਾ ਕਿ 1 ਮਾਰਚ 2021 ਨੂੰ ਨਾਨਕਜੋਤ ਕੌਰ ਦੀ ਨਾਨੀ ਉਸਨੂੰ ਆਗਣਵਾੜੀ ਸੈਂਟਰ ਲੈ ਕੇ ਆਈ ਸੀ, ਤਾਂ ਇਸ ਦੌਰਾਨ ਲੜਕੀ ਨਾਨਕਜੋਤ ਕੌਰ ਦਾ ਪਿਤਾ ਸੁਖਪਾਲ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਅਤੇ ਆਪਣੇ ਦੋ ਸਾਥੀਆ ਵੱਡਾ ਸਿੰਘ, ਕਾਲੂ ਸਿੰਘ ਨੂੰ ਨਾਲ ਲੈਕੇ ਇਕ ਗੱਡੀ ਵਿਚ ਆਇਆ ਅਤੇ ਆਂਗਣਵਾੜੀ ਸੈਂਟਰ ਦੀ ਕੰਧ ਟੱਪ ਕੇ ਅੰਦਰ ਆ ਗਏ ਅਤੇ ਲੜਕੀ ਨਾਨਕਜੋਤ ਕੌਰ ਨੂੰ ਜਬਰਦਸਤੀ ਚੁੱਕਣ ਲੱਗੇ ਤਾਂ ਉਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੇ ਉਕਤ ਲੋਕਾਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਲੜਕੀ ਨਾਨਕਜੋਤ ਕੌਰ ਨੂੰ ਗੱਡੀ ਵਿਚ ਬਿਠਾ ਕੇ ਅਗਵਾ ਕਰਕੇ ਆਪਣੇ ਨਾਲ ਲੈ ਗਏ। ਉਸ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਲੜਕੀ ਦੀ ਮਾਤਾ ਹਰਦੀਪ ਕੌਰ ਦੀ ਉਸ ਦੇ ਸੁਹਰੇ ਪਰਿਵਾਰ ਨਾਲ ਲੜਕੀ ਵਾਪਿਸ ਕਰਵਾਉਣ ਸਬੰਧੀ ਗੱਲਬਾਤ ਚਲਦੀ ਰਹੀ ਜੋ ਸਿਰੇ ਨਹੀਂ ਚੜ੍ਹ ਸਕੀ। ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਨਾਨਕਜੋਤ ਦੇ ਪਿਤਾ ਸੁਖਪਾਲ ਸਿੰਘ, ਦਾਦੀ ਪਰਮਜੀਤ ਕੌਰ ਅਤੇ ਦੋ ਹੋਰ ਵਿਅਕਤੀ ਵੱਡਾ ਸਿੰਘ, ਕਾਲੂ ਸਿੰਘ ਵਾਸੀ ਪਿੰਡ ਰੋਲੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।