ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਖੇਤੀਬਾੜੀ ਟੀਮ ਵੱਲੋਂ ਜ਼ਿਲ੍ਹੇ ਵਿੱਚ ਗੁੜ ਅਤੇ ਸ਼ੱਕਰ ਬਣਾਉਣ ਲਈ ਲਗਾਏ ਗਏ ਵੱਖ-ਵੱਖ ਘੁਲਾੜਿਆਂ ਦਾ ਦੌਰਾ ਕਰਕੇ ਇੱਥੋਂ ਦੀ ਸਾਫ਼ ਸਫ਼ਾਈ ਆਦਿ ਦਾ ਨਿਰੀਖਣ ਕੀਤਾ।

ਜਿਕਰਯੋਗ ਹੈ ਕਿ ਇਹ ਘੁਲਾੜੇ ਕਿਸਾਨਾਂ ਵੱਲੋਂ ਖੇਤੀਬਾੜੀ ਧੰਦੇ ਨੂੰ ਪ੍ਰਫੁੱਲਿਤ ਕਰਨ ਅਤੇ ਖਪਤਕਾਰਾਂ ਨੂੰ ਗੰਨੇ ਤੋਂ ਬਣਨ ਵਾਲੇ ਉਤਪਾਦ ਜਿਵੇਂ ਕਿ ਗੁੜ, ਸ਼ੱਕਰ ਆਦਿ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਮੋਗਾ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਕੈਮੀਕਲ ਰਹਿਤ ਗੁੜ ਦੀ ਪੁਸ਼ਟੀ ਲਈ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਟੀਮ ਵੱਲੋਂ ਰੁਪਿੰਦਰਪਾਲ ਸਿੰਘ ਸੰਘਾ ਵੱਲੋਂ ਪਿੰਡ ਬੁੱਘੀਪੁਰਾ, ਗੁਰਦੀਪ ਸਿੰਘ ਵੱਲੋਂ ਮਾਣੂੰਕੇ ਅਤੇ ਮੇਜਰ ਸਿੰਘ ਵੱਲੋਂ ਪਿੰਡ ਪੰਜਗਰਾਂਈ ਖੁਰਦ ਵਿੱਚ ਚਲਾਏ ਜਾ ਰਹੇ ਘੁਲਾੜਿਆਂ ਦਾ ਦੌਰਾ ਕੀਤਾ। ਇਸ ਦੌਰਾਨ ਵੱਖ ਵੱਖ ਘੁਲਾੜਿਆਂ ਵਿੱਚ ਗੁੜ ਅਤੇ ਸ਼ੱਕਰ ਦੇ ਨਾਲ ਨਾਲ ਗੁੜ ਤੋਂ ਤਿਆਰ ਕੀਤੇ ਜਾ ਰਹੀਆਂ ਮਿਠਾਈਆਂ ਦੀ ਡਿਪਟੀ ਪ੍ਰਰੋਜੈਕਟ ਅਫ਼ਸਰ ਆਤਮਾ ਡਾ. ਤਪਤੇਜ ਸਿੰਘ ਅਤੇ ਡਾ. ਰਾਜ ਸਰੂਪ ਸਿੰਘ ਨੇ ਜਾਂਚ ਕੀਤੀ।

ਇਸ ਦੌਰਾਨ ਗੰਨੇ ਦੀਆਂ ਘੁਲਾੜਿਆਂ ਦੇ ਮਾਲਕਾਂ ਨੇ ਖੇਤੀਬਾੜੀ ਦੀ ਜਾਂਚ ਟੀਮ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੁਆਰਾ ਸਾਫ਼ ਸੁਥਰਾ ਅਤੇ ਕੈਮੀਕਲ ਰਹਿਤ ਸ਼ੱਕਰ ਅਤੇ ਗੁੜ ਤਿਆਰ ਕੀਤਾ ਜਾਂਦਾ ਹੈ ਅਤੇ ਅੱਗੇ ਵੀ ਅਜਿਹਾ ਹੀ ਕੀਤਾ ਜਾਵੇਗਾ। ਟੀਮ ਵੱਲੋਂ ਘੁਲਾੜਿਆਂ ਤੇ ਵਰਤੇ ਜਾਣ ਵਾਲੇ ਵੇਲਣਿਆਂ ਦੀ ਪੂਰਨ ਸਫਾਈ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਦੇਵ ਸਿੰਘ ਬੀ.ਟੀ.ਐਮ., ਨਵਜੋਤ ਸਿੰਘ ਏ.ਟੀ.ਐਮ. ਅਤੇ ਗੁਰਮੁਖ ਸਿੰਘ ਏਟੀਐੱਮ ਆਦਿ ਹਾਜ਼ਰ ਸਨ।