ਵਕੀਲ ਮਹਿਰੋਂ, ਮੋਗਾ : ਰਾਸ਼ਟਰਪਤੀ ਵੱਲੋਂ ਖੇਤੀ ਬਿੱਲਾਂ 'ਤੇ ਮੋਹਰ ਲਗਾਉਣ ਉਪਰੰਤ ਬਣੇ ਕਾਨੂੰਨਾਂ ਦੇ ਹੋਂਦ ਵਿਚ ਆਉਣ 'ਤੇ ਪ੍ਰਤੀਕਰਮ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਹੁਣ ਇਹ ਗੱਲ ਨੰਗੇ ਚਿੱਟੇ ਦਿਨ ਵਾਂਗ ਸਾਹਮਣੇ ਆ ਗਈ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਬਣਾਉਣਾ ਚਾਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਪੰਜਾਬੀਆਂ ਨੇ ਕੇਦੇ ਵੀ ਕਿਸੇ ਧਾੜਵੀ ਦੀ ਈਨ ਨਹੀਂ ਮੰਨੀ, ਇਸ ਕਰਕੇ ਹੁਣ ਇਹ ਸੰਘਰਸ਼ ਸਿਰਫ਼ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਸਮੁੱਚੇ ਪੰਜਾਬੀਆਂ ਦਾ ਹੈ ਅਤੇ ਵਿਉਂਤਬੰਦੀ ਨਾਲ ਲੰਮਾ ਸਮਾਂ ਸੰਘਰਸ਼ ਕਰਦਿਆਂ ਅਖੀਰ ਜਿੱਤ ਪੰਜਾਬੀਆਂ ਦੀ ਹੀ ਹੋਵੇਗੀ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਭਾਵਕ ਅਪੀਲ ਕਰਦਿਆਂ ਆਖਿਆ ਕਿ ਉਹ ਸਿਰਫ਼ ਬਿਆਨਾਂ ਵਿਚ ਹੀ ਏਕਤਾ ਦੀ ਗੱਲ ਨਾ ਕਰਨ ਸਗੋਂ ਸਮੁੱਚੀਆਂ ਜਥੇਬੰਦੀਆਂ ਇਕ ਝੰਡੇ ਹੇਠ ਅਤੇ ਉਹ ਝੰਡਾ ਵੀ ਸਿਰਫ਼ ਕਾਲੇ ਰੰਗ ਦਾ ਰੋਸ ਵਾਲਾ ਝੰਡਾ ਹੋਵੇ,ਉਸ ਦੀ ਅਗਵਾਈ ਵਿਚ ਸੰਘਰਸ਼ ਨੂੰ ਚਲਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਜਾਂ ਵਰਕਰ ਜੇ ਕਿਸਾਨਾਂ ਦੇ ਹਿਤ ਵਿਚ ਧਰਨੇ ਵਿਚ ਸ਼ਾਮਲ ਹੁੰਦਾ ਹੈ ਤਾਂ ੳਸ ਨੂੰ ਦੁਰਕਾਰਿਆ ਨਾ ਜਾਵੇ ਕਿਉਂਕਿ ਇਹ ਸਮਾਂ ਇਕਜੁੱਟਤਾ ਨਾਲ ਕੇਂਦਰ ਖਿਲਾਫ਼ ਵੱਡੀ ਜੰਗ ਲੜਨ ਦਾ ਹੈ ਪਰ ਜੇ ਕੋਈ ਵੀ ਵਿਅਕਤੀ ਕਿਸੇ ਵੀ ਸਿਆਸੀ ਪਾਰਟੀ ਦਾ ਕਿਉਂ ਨਾ ਹੋਵੇ ਜੇ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹੱਥ ਵਿਚ ਕਾਲਾ ਝੰਡਾ ਲਈ ਸੰਘਰਸ਼ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਜੀ ਆਇਆ ਆਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ ਰੋਜ਼ ਪੰਜਾਬ ਬੰਦ ਰੱਖਣ ਨਾਲ ਕੁਝ ਨਹੀਂ ਹੋਣਾ ਸਗੋਂ ਪਿੰਡਵਾਰ ਅਤੇ ਪੜ੍ਹਾਅਵਾਰ ਸੰਘਰਸ਼ ਚਲਾਇਆ ਜਾਣਾ ਚਾਹੀਦਾ ਹੈ ਤਾਂ ਕਿ ਰੋਜ਼ ਕੇਂਦਰ ਦੇ ਕੰਨਾਂ ਤੱਕ ਪੰਜਾਬੀਆਂ ਦਾ ਆਵਾਜ਼ ਪਹੁੰਚੇ। ਉਨ੍ਹਾਂ ਕਿਹਾ ਸੰਘਰਸ਼ ਦੀ ਕਮਾਂਡ ਲਈ ਇਕ ਕੇਂਦਰ ਜ਼ਰੂਰ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅੱਜ ਕਿਸਾਨ, ਕਿਸਾਨੀ ਅਤੇ ਪੰਜਾਬ ਨੂੰ ਬਚਾਉਣ ਦਾ ਸਵਾਲ ਹੈ। ਉਨ੍ਹਾਂ 25 ਸਤੰਬਰ ਦੇ ਬੰਦ ਸਬੰਧੀ ਗੱਲ ਕਰਦਿਆਂ ਆਖਿਆ ਕਿ ਉਹ ਉਸ ਦਿਨ ਸੰਘਰਸ਼ ਵਿਚ ਬਤੌਰ ਕਾਂਗਰਸੀ ਅਤੇ ਬਤੌਰ ਵਿਧਾਇਕ ਸ਼ਾਮਿਲ ਨਹੀਂ ਹੋਏ ਅਤੇ ਨਾ ਹੀ ਭਵਿੱਖ ਵਿਚ ਕਿਸਾਨਾਂ ਦੇ ਸੰਘਰਸ਼ ਵਿਚ ਬਤੌਰ ਵਿਧਾਇਕ ਸ਼ਾਮਲ ਹੋਣਗੇ ਪਰ ਉਹ ਪਹਿਲਾਂ ਵੀ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਰਹੇ ਤੇ ਬੰਦ ਵਾਲੇ ਦਿਨ ਵੀ ਕਿਸਾਨਾਂ ਨਾਲ ਦਰੀਆਂ 'ਤੇ ਬੈਠੇ ਕਿਉਂਕਿ ਉਹ ਇਕ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਮੈਂਬਰ ਅਤੇ ਸੰਵਿਧਾਨਿਕ ਅਹੁਦੇਦਾਰ ਬਾਅਦ ਚ ਹਨ, ਪਹਿਲਾਂ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿਆਸਤ ਕਰਨ ਨਾਲੋਂ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ, ਪੰਜਾਬ ਰਿਹਾ ਤਾਂ ਸਿਆਸਤ ਫੇਰ ਸਹੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੱਕਾ ਯਕੀਨ ਕਿ ਇਹ ਬਿੱਲ ਹੀ ਇਸ ਭਾਜਪਾ ਸਰਕਾਰ ਦਾ ਭੋਗ ਪਾਉਣਗੇ ਜਿਵੇਂ ਕਦੀ ਸਿਰਫ ਪਿਆਜਾਂ ਨੇ ਹੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਵਾਜਪਾਈ ਸਾਬ੍ਹ ਦੀ ਸਰਕਾਰ ਡੇਗ ਦਿੱਤੀ ਸੀ। ਅੱਜ ਭਾਜਪਾ ਤੋਂ ਬਿਨ੍ਹਾਂ ਸਭ ਪਾਰਟੀਆਂ ਇੰਨਾ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਨੇ, ਸੋ ਆਪਣੀ ਸਰਕਾਰ ਬਣਾ ਕੇ ਇੰਨਾ ਕਾਨੂੰਨਾਂ ਦਾ ਵੀ ਭੋਗ ਵੀ ਪਾਇਆ ਜਾਵੇਗਾ।