ਹਰਿੰਦਰ ਭੱਲਾ, ਬਾਘਾਪੁਰਾਣਾ : ਸਥਾਨਕ ਸ਼ਹਿਰ ਦੇ ਫੁੱਟਪਾਥਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਨਗਰ ਕੌਂਸਲ ਹੋਈ ਸਰਗਰਮ ਅਤੇ ਨਾਜਾਇਜ਼ ਕਬਜੇ ਛੁਡਵਾਏ ਅਤੇ ਲੋਕਾਂ ਨੂੰ ਵਾਰਨਿੰਗ ਦਿੱਤੀ ਕੇ ਸੜਕਾਂ ਤੇ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ ਤਾਂ ਜੋ ਆਵਾਜਾਈ ਸੌਖੇ ਢੰਗ ਨਾਲ ਚੱਲ ਸਕੇ।

ਇਸ ਮੁਹਿੰਮ ਦੀ ਅਗੁਵਾਈ ਕਰ ਰਹੇ ਨਗਰ ਕੌਂਸਲ ਦੇ ਇੰਸਪੈਕਟਰ ਜਗਜੀਤ ਸਿੰਘ, ਸੀਐੱਫ ਦੀਪਕ ਸਿੰਘ, ਕੁਲਵਿੰਦਰ ਸਿੰਘ ਅਤੇ ਹਨੀ ਕੁਮਾਰ ਨੇ ਦੱਸਿਆ ਕਿ ਅੱਜ ਅਸੀਂ ਕੋਟਕਪੂਰਾ ਰੋਡ ਤੇ ਫੁੱਟਪਾਥਾਂ ਤੇ ਲੱਗੇ ਬੋਰਡਾਂ ਬਾਬਤ ਮਾਲਕਾਂ ਨੂੰ ਵਾਰਨਿੰਗ ਦਿੱਤੀ ਹੈ ਜਾਂ ਤਾਂ ਉਹ ਬੋਰਡ ਪੁੱਟ ਲੈਣ ਨਹੀਂ ਤਾਂ ਨਗਰ ਕੌਂਸਲ ਦੇ ਕਰਮਚਾਰੀ ਬੋਰਡ ਪੁੱਟਣ ਲਈ ਮਜਬੂਰ ਹੋਣਗੇ। ਸਿਰਫ ਉਹ ਬੋਰਡ ਹੀ ਲੱਗਣਗੇ ਜਿਨ੍ਹਾਂ ਦੀ ਨਗਰ ਕੌਂਸਲ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਕੀ ਬੋਰਡ ਨਾਜਾਇਜ਼ ਘੋਸ਼ਿਤ ਕੀਤੇ ਜਾਣਗੇ ਕਿਉਂਕਿ ਇਨ੍ਹਾਂ ਬੋਰਡਾਂ ਰਾਹੀਂ ਫੁੱਟਪਾਥ ਬੰਦ ਹੋ ਜਾਂਦਾ ਹੈ ਅਤੇ ਆਵਾਜਾਈ ਅੰਦਰ ਵਿਘਨ ਪੈਂਦਾ ਹੈ।

ਯਾਦ ਰਹੇ ਕਿ ਕੋਟਕਪੂਰਾ ਰੋਡ ਜੋ ਕਿ ਆਈਲੈਟਸ ਸੈਂਟਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਰੋਡ ਉੱਪਰ ਲੋਕਾਂ ਨੇ ਫੁੱਟਪਾਥ ਪੂਰੀ ਤਰ੍ਹਾਂ ਬੰਦ ਕਰ ਰੱਖਿਆ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਕਬਜਾਕਾਰੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਬਾਕੀ ਵੀ ਸੜਕਾਂ ਤੇ ਫੁੱਟਪਾਥਾਂ ਤੇ ਜਿਨ੍ਹਾਂ ਨੇ ਕਬਜ਼ੇ ਕੀਤੇ ਹਨ ਉਹ ਜਗ੍ਹਾ ਖਾਲੀ ਕਰ ਦੇਣ ਤਾਂ ਜੋ ਫੁੱਟਪਾਥ ਖਾਲੀ ਕਰਕੇ ਪੈਦਲ ਚੱਲਣ ਵਾਲਿਆਂ ਲਈ ਜਗ੍ਹਾ ਬਣਾਈ ਜਾ ਸਕੇ। ਇਸ ਕਾਰਜ ਲਈ ਸ਼ਹਿਰ ਵਾਸੀ ਸਾਨੂੰ ਸਹਿਯੋਗ ਦੇਣ ਅਤੇ ਸੜਕਾਂ ਤੇ ਕੂੜਾ ਆਦਿ ਨਾ ਸੁੱਟਣ।