ਸਵਰਨ ਗੁਲਾਟੀ, ਮੋਗਾ : ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਘੋਲੀਆ ਕਲਾਂ ਵਿਚ ਸ਼ੱਕ ਦੇ ਚਲਦਿਆਂ ਇਕ ਵਿਅਕਤੀ 'ਤੇ ਉਸਦੇ ਪਿੰਡ ਦੇ ਹੀ ਚਾਰ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਦ ਉਸ ਦਾ ਪਿਤਾ ਆਪਣੇ ਲੜਕੇ ਨੂੰ ਛੁਡਵਾਉਣ ਲਈ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਜ਼ਖ਼ਮੀ ਲੜਕੇ ਦੇ ਪਿਤਾ ਦੇ ਬਿਆਨ ਤੇ 4 ਲੋਕਾਂ ਖਿਲਾਫ਼ ਇਰਾਦਾ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ 60 ਸਾਲ ਵਾਸੀ ਪਿੰਡ ਘੋਲੀਆ ਕਲਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 22 ਸਤੰਬਰ ਦੀ ਦੁਪਿਹਰੇ ਉਸਦੇ ਲੜਕੇ ਉਧਮ ਸਿੰਘ ਨਾਲ ਪਿੰਡ ਦੇ ਹੀ ਸੰਦੀਪ ਸਿੰਘ ਉਰਫ ਲੱਲਾ ਪੁੱਤਰ ਸੱਤਾ ਸਿੰਘ, ਸੁੱਚਾ ਸਿੰਘ ਉਰਫ ਲਵੀ ਪੁੱਤਰ ਤਰਸੇਮ ਸਿੰਘ, ਧਰਮਪ੍ਰਰੀਤ ਸਿੰਘ ਪੁੱਤਰ ਬਿੰਦਰ ਸਿੰਘ ਅਤੇ ਵਿੱਕੀ ਸਿੰਘ ਉਰਫ ਕੁੱਕੜ ਪੁੱਤਰ ਸੱਤਾ ਸਿੰਘ ਵਾਸੀਆਨ ਘੋਲੀਆ ਕਲਾਂ ਨੇ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਉਸ ਦੀ ਖੰਡੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਜਦ ਉਹ ਆਪਣੇ ਲੜਕੇ ਨੂੰ ਛੁਡਵਾਉਣ ਲਈ ਗਿਆ ਤਾਂ ਉਨ੍ਹਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਅਤੇ ਉਸ ਦੇ ਲੜਕੇ ਉਧਮ ਸਿੰਘ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਵਜ੍ਹਾ ਰੰਜ਼ਿਸ਼ ਇਹ ਹੈ ਕਿ ਅਰੋਪੀ ਲੋਕਾਂ ਨੂੰ ਸ਼ੱਕ ਸੀ ਕਿ ਮਲਕੀਤ ਸਿੰਘ ਦਾ ਦੋਹਤਾ ਧਰਮਪ੍ਰਰੀਤ ਸਿੰਘ ਉਨ੍ਹਾਂ ਦੀ ਲੜਕੀ ਤੇ ਮਾੜੀ ਅੱਖ ਰੱਖਦਾ ਸੀ ਅਤੇ ਉਧਮ ਸਿੰਘ ਉਸ ਦਾ ਸਾਥ ਦਿੰਦਾ ਹੈ। ਪੁਲਿਸ ਨੇ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਚਾਰ ਵਿਅਕਤੀਆਂ ਦੇ ਖਿਲਾਫ਼ ਇਰਾਦਾ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।