ਪੱਤਰ ਪੇ੍ਰਰਕ, ਮੋਗਾ : ਜ਼ਿਲੇ ਦੇ ਪਿੰਡ ਧੂੜਕੋਟ ਰਣਸੀਹ ਕਲਾਂ ਨਿਵਾਸੀ ਅਤੇ ਨਜ਼ਦੀਕੀ ਪਿੰਡ ਮੈਹਿਣਾ ਦੇ ਇੱਕ ਪ੍ਰਾਇਵੇਟ ਸਕੂਲ ਦੀ ਵਿਦਿਆਰਣ ਦੀ ਸਕੂਲ ਛੁੱਟੀ ਤੋਂ ਬਾਅਦ ਸਕੂਲ ਬੱਸ 'ਚੋਂ ਉਤਰਦੇ ਸਮੇਂ ਡਿੱਗ ਕੇ ਜ਼ਖਮੀ ਹੋ ਗਈ। ਜ਼ਖ਼ਮੀ ਬੱਚੀ ਦੀ ਹਸਪਤਾਲ ਲਿਜਾਂਦੇ ਸਮੇ ਰਸਤੇ 'ਚ ਮੌਤ ਹੋ ਗਈ ਸੀ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਘਟਨਾ ਦਾ ਕਾਰਨ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਬੱਸ 'ਤੇ ਬੱਚਿਆਂ ਨੂੰ ਚੜਾਉਣ ਅਤੇ ਉਤਾਰਨ ਲਈ ਕਿਸੇ ਵੀ ਸਹਾਇਕ ਕਰਮਚਾਰੀ ਦੀ ਤਾਇਨਾਤੀ ਨਾ ਕਰਨ ਕਰਕੇ ਇਸ ਘਟਨਾ ਦਾ ਜ਼ਿੰਮੇਵਾਰ ਸਕੂਲ ਪ੍ਰਬੰਧਕਾਂ ਨੂੰ ਠਹਿਰਾਇਆ, ਉੱਥੇ ਹੀ ਘਟਨਾ ਵਿੱਚ ਜ਼ਖਮੀ ਹੋਈ ਬੱਚੀ ਨੂੰ ਹਸਪਤਾਲ ਪਹੁੰਚਾਉਣ ਵਿੱਚ ਐੰਬੂਲੈਂਸ ਨੂੰ ਡਰਾਈਵਰ ਵੱਲੋਂ ਹੋਲੀ ਚਲਾਉਣ ਦਾ ਕਥਿਤ ਦੋਸ਼ ਲਗਾਉਂਦੇ ਹੋਏ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਬੱਚੀ ਦੀ ਹੋਈ ਮੌਤ ਲਈ ਐੰਬੂਲੈਂਸ ਡਰਾਈਵਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਸਬੰਧਤ ਸਕੂਲ ਪ੍ਰਬੰਧਕਾਂ ਅਤੇ ਐੰਬੂਲੈਂਸ ਚਾਲਕ ਨੇ ਉਹਨਾਂ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਹੈ।

----

ਇਸ ਤਰ੍ਹਾਂ ਵਾਪਰੀ ਸੀ ਇਹ ਮੰਦਭਾਗੀ ਘਟਨਾ

ਘਟਨਾ ਦਾ ਸ਼ਿਕਾਰ ਹੋਈ ਪਿੰਡ ਰਣਸੀਹ ਕਲਾਂ ਨਿਵਾਸੀ 8 ਸਾਲਾ ਬੱਚੀ ਹਰਜੋਤ ਕੌਰ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਮੋਗਾ ਲੁਧਿਆਣਾ ਹਾਈਵੇ 'ਤੇ ਪਿੰਡ ਮਹਿਣਾ 'ਚ ਸਥਿਤ ਨਾਮੀ ਸਕੂਲ ਦੀ ਦੂਸਰੀ ਕਲਾਸ ਦੀ ਵਿਦਿਆਰਥਣ ਸੀ। ਬੀਤੀ 8 ਫਰਵਰੀ ਨੂੰ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਰੋਜ਼ਾਨਾਂ ਦੀ ਤਰ੍ਹਾਂ ਘਰ ਛੱਡਣ ਲਈ ਇੱਕ ਸਕੂਲੀ ਬੱਸ ਵਿੱਚ ਬਿਠਾਇਆ ਗਿਆ। ਜਦ ਇਹ ਬੱਸ ਜ਼ਿਲ੍ਹੇ ਦੇ ਪਿੰਡ ਰਣਸੀਹ ਕਲਾਂ ਪਹੁੰਚੀ ਤਾਂ ਬੱਸ ਵਿੱਚ ਡਰਾਈਵਰ ਤੋ ਇਲਾਵਾ ਬੱਚਿਆਂ ਨੂੰ ਉਤਾਰਣ ਲਈ ਕੋਈ ਸਹਾਇਕ ਕਰਮਚਾਰੀ ਨਾ ਹੋਣ ਕਰਕੇ ਬੱਸ ਵਿੱਚੋ ਉਤਰਣ ਦੀ ਤਿਆਰੀ ਕਰਦੇ ਉਹਨਾਂ ਦੀ ਬੱਚੀ ਸਮੇਤ ਤਿੰਨ ਬੱਚੇ ਬੱਸ ਵਿੱਚੋ ਥੱਲੇ ਡਿੱਗ ਗਏ ਸਨ, ਜਦ ਕਿ ਉਹਨਾਂ ਦੀ ਬੱਚੀ ਹਰਜੋਤ ਕੌਰ ਗੰਭੀਰ ਜ਼ਖ਼ਮੀ ਹੋ ਗਈ।

-----

ਐਬੂਲੈਂਸ ਚਾਲਕ ਦੀ ਘੱਟ ਗਤੀ ਬਣੀ ਬੱਚੀ ਦੀ ਮੌਤ ਦਾ ਕਾਰਨ : ਪਿਤਾ ਗੁਰਚਰਨ ਸਿੰਘ

ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਈ ਹਰਜੋਤ ਕੌਰ ਦੇ ਪਿਤਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ 'ਤੇ ਪੁੱਜੇ ਅਤੇ ਗੰਭੀਰ ਹਾਲਤ ਵਿੱਚ ਜ਼ਖ਼ਮੀ ਆਪਣੀ ਬੱਚੀ ਨੂੰ ਚੁੱਕ ਕੇ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ। ਜਿਥੋ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿਸ ਨੂੰ ਡੀ.ਐਮ.ਸੀ. ਹਸਪਤਾਲ ਵਿੱਚ ਲਿਜਾਣ ਲਈ 108 ਐਂਬੂਲੈਂਸ ਦਾ ਸਹਾਰਾ ਲਿਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਐਂਬੂਲੈਂਸ ਚਾਲਕ ਵੱਲੋਂ ਉਹਨਾਂ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਐਂਬੂਲੈਂਸ ਦੀ ਸਪੀਡ ਨਹੀਂ ਵਧਾਈ ਗਈ। ਜਿਸ ਕਾਰਨ ਉਹਨਾਂ ਦੀ ਬੱਚੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਇਸ ਮੌਕੇ ਮਿ੍ਰਤਕ ਲੜਕੀ ਦੇ ਪਿਤਾ ਗੁਰਚਰਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰ ਇੱਕ ਸਕੂਲ ਬੱਸ ਵਿੱਚ ਡਰਾਈਵਰ ਦੇ ਨਾਲ ਨਾਲ ਖਾਸ ਕਰਕੇ ਛੋਟੇ ਬੱਚਿਆਂ ਨੂੰ ਬੱਸ ਵਿੱਚੋ ਉਤਾਰਣ ਤੇ ਚੜਾਉਣ ਲਈ ਇੱਕ ਸਹਾਇਕ ਕਰਮਚਾਰੀ ਦੀ ਤਾਇਨਤੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਉਸ ਦੀ ਬੱਚੀ ਵਾਂਗ ਕਿਸੇ ਹੋਰ ਬੇਕਸੂਰ ਬੱਚੇ ਦੀ ਜਾਨ ਨਾ ਜਾ ਸਕੇ।

---

ਕੀ ਕਹਿਣਾ ਹੈ 108 ਐਂਬੂਲੈਂਸ ਜ਼ਿਲ੍ਹਾ ਇੰਚਾਰਜ ਦਾ...

ਇਸ ਬਾਰੇ ਜਦ 108 ਐਂਬੂਲੈਂਸ ਦੇ ਜ਼ਿਲ੍ਹਾ ਇੰਚਾਰਜ ਮੋਹਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਐਂਬੂਲੈਂਸ ਦੇ ਰਿਕਾਰਡ ਮੁਤਾਬਕ ਬੱਚੀ ਨੂੰ ਮੋਗਾ ਤੋ ਲਗਭਗ ਪੂਰੇ ਇੱਕ ਘੰਟੇ 'ਚ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਪਹੁੰਚਾ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਐਂਬੂਲੈਂਸ ਚਾਲਕ ਹਰਦੀਪ ਸਿੰਘ ਨੇ ਦੱਸਿਆ ਸੀ ਕਿ ਉਸ ਵੱਲੋਂ ਬੱਚੀ ਦੀ ਜਾਨ ਬਚਾਉਣ ਲਈ ਐਂਬੂਲੈਂਸ ਨੂੰ ਟਰੈਫਿਕ ਦੇ ਹਲਾਤਾਂ ਅਨੁਸਾਰ ਪੂਰੀ ਸਪੀਡ 'ਤੇ ਹੀ ਚਲਾਇਆ ਗਿਆ ਸੀ।

----

ਸਕੂਲ ਪਿ੍ਰੰਸੀਪਲ ਨੇ ਨਹੀਂ ਦਿੱਤਾ ਕੋਈ ਜਵਾਬ

ਜਦੋ ਸਕੂਲ ਬੱਸ ਵਿੱਚ ਬੱਚਿਆਂ ਨੂੰ ਉਤਾਰਨ ਅਤੇ ਚੜਾਉਣ ਲਈ ਕਿਸੇ ਕਰਮਚਾਰੀ ਦੀ ਤਾਇਨਾਤੀ ਨਾ ਹੋਣ ਸਬੰਧੀ ਸਕੂਲ ਦੇ ਪਿ੍ਰੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੋਲ ਇਸ ਬਾਰੇ ਕੋਈ ਸੰਤੁਸ਼ਟੀ ਜਵਾਬ ਹੀ ਨਹੀਂ ਸੀ।