ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਪੁਲਿਸ ਨੇ ਹਰਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਸ ਕੋਲੋਂ 2000 ਨਸ਼ੀਲੀਆਂ ਗੋਲ਼ੀਆਂ, 12 ਬੋਰ ਦੀ ਪਿਸਤੌਲ ਤੇ 6 ਕਾਰਤੂਸ ਬਰਾਮਦ ਕੀਤੇ ਹਨ।

ਜਾਣਕਾਰੀ ਮੁਤਾਬਿਕ ਹਰਮਨਜੀਤ ਸਿੰਘ ਉਰਫ਼ ਹਰਮਨ ਭਾਊ ਪੁੱਤਰ ਜਸਵੰਤ ਸਿੰਘ ਵਾਸੀ ਤਰਨਤਾਰਨ ਨੂੰ ਹਥਿਆਰਾਂ ਸਣੇ ਗਿ੍ਰਫਤਾਰ ਕੀਤਾ ਹੈ। ਉਸ ਖ਼ਿਲਾਫ਼ ਐਫਆਈਆਰ ਪੁਲਿਸ ਸਟੇਸ਼ਨ ਮਹਿਣਾ ਵਿਖੇ ਦਰਜ ਸੀ। ਉਸ ਦੇ ਦੋ ਸਾਥੀ ਅਜੈ ਕੁਮਾਰ ਉਰਫ ਮਨੀ ਵਾਸੀ ਕੋਟਕਪੂਰਾ ਤੇ ਅੰਮਿ੍ਰਤਪਾਲ ਸਿੰਘ ਉਰਫ ਭਿੰਡਰ ਵਾਸੀ ਭਿੰਡਰ ਕਲਾਂ ਮੋਗਾ ਨੂੰ ਪਹਿਲਾਂ ਗਿ੍ਰਫਤਾਰ ਕੀਤਾ ਗਿਆ ਸੀ। ਹਰਮਨ ਭਾਊ ਕੋਲੋਂ 2000 ਨਸ਼ੀਲੀਆਂ ਗੋਲੀਆਂ ਟ੍ਰਾਮਾਡੋਲ ਐੱਸਆਰ, 12 ਬੋਰ ਦਾ ਇਕ ਹਥਿਆਰ ਸਣੇ 6 ਕਾਰਤੂਸ ਬਰਾਮਦ ਕੀਤੇ ਹਨ। ਇਹ ਗੈਂਗਸਟਰ ਸਮੂਹਿਕ ਤੌਰ ‘ਤੇ ਹਾਈਵੇਅ 'ਤੇ ਲੁੱਟਾਂ ਖੋਹਾਂ, ਫਿਰੌਤੀ ਲਈ ਕਤਲ ਦੀ ਕੋਸ਼ਿਸ਼, ਗੈਂਗ ਯੁੱਧ ਤੇ ਖੋਹ ਲੈਣ ਦੇ ਕਈ ਮਾਮਲਿਆਂ 'ਚ ਸ਼ਾਮਲ ਸਨ।

ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਮੋਗਾ ਨੇ ਦੱਸਿਆ ਕਿ ਹਰਮਨਜੀਤ ਸਿੰਘ ਉਰਫ ਹਰਮਨ ਭਾਊ ਜੋ ਗਿਰੋਹ ਦਾ ਮੁੱਖ Hitman ਤੇ Sharp Shooter ਵੀ ਹੈ, ਇਕ ਬਦਨਾਮ ਗੈਂਗਸਟਰ ਹੈ। ਉਸ 'ਤੇ 10 ਕੇਸ ਦਰਜ ਹਨ। ਬੀਤੇ ਦਿਨੀਂ ਉਸ ਵੱਲੋਂ ਕੀਤੇ ਵੱਖ-ਵੱਖ ਜੁਰਮਾਂ ਦਾ ਪਤਾ ਲਾਉਣ ਦੇ ਉਦੇਸ਼ ਨਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਵੱਲੋਂ ਹਥਿਆਰ ਪ੍ਰਾਪਤ ਕਰਨ ਵਾਲੇ ਸਰੋਤਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਹੁਣ ਤਕ ਪੰਚਕੂਲਾ ਤੋਂ ਬੰਦੂਕ ਦੀ ਨੋਕ ‘ਤੇ ਖੋਹੀ ਗਈ ਇਕ ਫਾਰਚੂਨਰ ਕਾਰ ਤੇ 12 ਬੋਰ ਦੀ ਬੰਦੂਕ ਜੋ ਉਸ ਨੇ ਕੋਟਕਪੂਰਾ ਦੇ ਹਸਪਤਾਲ ਦੇ ਇਕ ਗਾਰਡ ਕੋਲੋਂ ਖੋਹ ਲਈ ਸੀ, ਬਰਾਮਦ ਕੀਤੀ ਹੈ। ਅਗਲੇਰੀ ਪੁੱਛ-ਗਿੱਛ ਦੌਰਾਨ ਆਉਣ ਵਾਲੇ ਦਿਨਾਂ 'ਚ ਉਸ ਦੇ ਸਾਥੀਆਂ ਦੀ ਹੋਰ ਰਿਕਵਰੀ ਅਤੇ ਗਿਰਫਤਾਰੀਆਂ ਹੋਣ ਦੀ ਸੰਭਾਵਨਾ ਹੈ।

Posted By: Seema Anand