ਸਵਰਨ ਗੁਲਾਟੀ, ਮੋਗਾ : ਜਗਰਾਓਂ ਦਾ ਬਾਬਾ ਗਿਰੋਹ ਨੂੰ ਪੁਲਿਸ ਨੇ ਉਸ ਵੇਲੇ ਕਾਬੂ ਕਰ ਲਿਆ ਜਦ ਗਿਰੋਹ ਦੇ ਮੈਂਬਰਾਂ ਨੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਬੈਂਕ 'ਚੋਂ ਪੈਸੇ ਕਢਵਾ ਕੇ ਪੈਦਲ ਆਪਣੇ ਘਰ ਜਾ ਰਹੀ ਇਕ ਬਜ਼ੁਰਗ ਔਰਤ ਨਾਲ ਲੁੱਟਖੋਹ ਕੀਤੀ। ਇਸ ਗਿਰੋਹ ਦੇ ਚਾਰ ਮੈਂਬਰਾਂ ਨੇ ਬਜ਼ੁਰਗ ਔਰਤ ਨੂੰ ਰਸਤੇ ਵਿਚ ਘੇਰ ਕੇ ਉਸ ਕੋਲੋਂ ਨਕਦੀ ਅਤੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਇਸ ਗਿਰੋਹ ਦੇ ਕਾਬੂ ਆਉਣ ਨਾਲ ਜਿਲ੍ਹੇ ਵਿਚ ਹੋਈਆਂ ਕਈ ਲੁੱਟਾਂ-ਖੋਹਾਂ

ਦਾ ਪਰਦਾਫਾਸ਼ ਹੋ ਸਕਦਾ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਸ਼ੇਰ ਬਹਾਦਰ ਸਿੰਘ ਨੇ ਦੱਸਿਆ ਕਿ 60 ਸਾਲ ਦੀ ਬਜ਼ੁਰਗ ਔਰਤ ਮੁਕੰਦ ਕੌਰ ਪਤਨੀ ਬਾਰਾ ਸਿੰਘ ਵਾਸੀ ਪਿੰਡ ਧੂੜਕੋਟ ਰਣਸੀਂਹ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ 9 ਜੁਲਾਈ ਨੂੰ ਨਿਹਾਲ ਸਿੰਘ ਵਾਲਾ ਤੋਂ ਬੈਂਕ ਵਿਚੋ 2 ਹਜ਼ਾਰ ਰੁਪਏ ਕਢਵਾ ਕੇ ਪੈਦਲ ਹੀ ਆਪਣੇ ਘਰ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ ਤੇ ਇਕ ਸਕੂਟਰੀ ਸਵਾਰ ਚਾਰ ਲੋਕ ਉਸ ਕੋਲ ਆਏ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਸੀ। ਜਿਨ੍ਹਾਂ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਗੱਲਾਂ 'ਚ ਲਗਾ ਕੇ ਉਸ ਕੋਲੋਂ 2 ਹਜ਼ਰ ਰੁਪਏ ਦੀ ਨਕਦੀ ਅਤੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਪੁਲਿਸ ਨੂੰ ਜਦ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਮੌਕੇ 'ਤੇ ਬਾਬਾ ਗਿਰੋਹ ਦੇ ਚਾਰੋਂ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਵਿਚ ਬਿੱਲਾ ਸਿੰਘ ਜੋ ਕਿ ਬਾਬੇ ਦੇ ਨਾਮ ਨਾਲ ਜਾਣਿਆਂ ਜਾਦਾ ਹੈ ਅਤੇ ਸਤਨਾਮ ਸਿੰਘ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਤੇ ਬਲਵੀਰ ਸਿੰਘ ਤੇ ਉਸਦੀ ਪਤਨੀ ਬਿੰਦੂ ਵਾਸੀ ਮੁਹੱਲਾ ਰਾਮਪੁਰਾ ਨੇੜੇ ਰੇਲਵੇ ਲਾਈਨ ਜਗਰਾਓਂ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਹਨਾਂ ਕੋਲੋਂ ਇਕ ਸਕੂਟਰੀ ਵੀ ਬਰਾਮਦ ਕੀਤੀ ਹੈ। ਗਿਰੋਹ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ੇਰ ਬਹਾਦਰ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਵੱਲੋ ਕੀਤੀਆਂ ਲੁੱਟਾਖੋਹਾਂ ਦੀਆਂ ਵਾਰਦਾਤਾ ਬਾਰੇ ਪਤਾ ਲਗਾਉਣ ਲਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋ ਇਹਨਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਗਿਰੋਹ ਵੱਲੋਂ ਜਗਰਾਓਂ ਇਲਾਕੇ ਵਿਚ ਲੁੱਟਾਂ-ਖੋਹਾਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਹੁਣ ਜ਼ਿਲ੍ਹਾ ਮੋਗਾ ਵਿਚ ਆਪਣਾ ਡੇਰਾ ਬਣਾ ਲਿਆ ਤੇ ਮੋਗਾ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਵਿਚ ਲੁੱਟਾਂ-ਖੋਹਾਂ ਕਰਨ ਲੱਗ ਪਏ ਤੇ ਇਸ ਗਿਰੋਹ ਵਿਚ ਸ਼ਾਮਿਲ ਇਕ ਔਰਤ ਦਾ ਸਹਾਰਾ ਲਿਆ ਜਾਂਦਾ ਸੀ। ਇਸ ਗਿਰੋਹ ਵੱਲੋਂ ਬੀਤੀ 4 ਜੁਲਾਈ ਨੂੰ ਮੋਗਾ ਦੇ ਚੌਕ ਸ਼ੇਖਾ ਵਾਲਾ ਵਿਖੇ ਇਕ ਰੇਡੀਮੈਂਟ ਦੀ ਦੁਕਾਨ ਵਿਚ ਬੈਠੀ ਔਰਤ ਨੂੰ ਕੋਈ ਵਸਤੂ ਸੁੰਘਾਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਲੈ ਗਏ ਸਨ। ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਜਿਸਦੀ ਫੁਟੇਜ ਪੀੜਤਾਂ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਲੇਕਿਨ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀ ਕੀਤੀ ਤੇ ਨਾ ਹੀ ਕੋਈ ਮਾਮਲਾ ਦਰਜ ਕੀਤਾ ਸੀ।

Posted By: Ramanjit Kaur