ਸਵਰਨ ਗੁਲਾਟੀ, ਮੋਗਾ :

ਜ਼ਿਲ੍ਹਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਹੈਰੋਇਨ ਅਤੇ ਨਸ਼ੇ ਦੇ ਤੌਰ 'ਤੇ ਇਸਤੇਮਾਲ ਹੋਣ ਵਾਲੀ ਦਵਾਈ ਦੀਆਂ ਗੋਲੀਆਂ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਥਾਣਾ ਸਿਟੀ ਇਕ ਦੇ ਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੋਗਾ ਦੇ ਮੈਜਿਸਟਿਕ ਚੌਕ ਵਿਚ ਧੰਨਰਾਜ ਸਿੰਘ ਉਰਫ ਧੰਨਾ ਵਾਸੀ ਇੰਦਰਾ ਕਾਲੋਨੀ ਮੋਗਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਕਸਬਾ ਬਾਘਾਪੁਰਾਣਾ ਵਿਖੇ ਗੁਰਪ੍ਰਰੀਤ ਸਿੰਘ ਉਰਫ ਗੋਪੀ ਅਤੇ ਰਣਜੀਤ ਸਿੰਘ ਉਰਫ ਗੋਲੂ ਵਾਸੀ ਪਿੰਡ ਘੋਲੀਆ ਕਲਾਂ ਨੂੰ ਸ਼ੱਕ ਦੇ ਆਧਾਰ ਦੇ ਗਿ੍ਰਫਤਾਰ ਕਰ ਕੇ ਉਨ੍ਹਾਂ ਕੋਲੋਂ ਨਸ਼ੇ ਲਈ ਇਸਤੇਮਾਲ ਹੋਣ ਵਾਲੀ ਦਵਾਈ ਦੀਆਂ 240 ਗੋਲੀਆਂ ਬਰਾਮਦ ਕੀਤੀਆਂ ਹਨ।

ਇਸੇ ਤਰ੍ਹਾਂ ਥਾਣਾ ਮੈਹਿਣਾ ਦੇ ਇਸੰਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਪਿੰਡ ਚੁਗਾਵਾਂ ਵਿਖੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਸੁਖਪਾਲ ਸਿੰਘ ਉਰਫ ਪਾਲਾ ਵਾਸੀ ਪਿੰਡ ਭਿੰਡਰ ਖੁਰਦ ਨੂੰ ਗਿ੍ਰਫਤਾਰ ਕਰ ਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਗਏ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।