ਪੱਤਰ ਪ੍ਰਰੇਰਕ, ਧਰਮਕੋਟ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀ ਵਾਂਗਡੋਰ ਸੰਭਾਲਦੇ ਹੀ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿੰਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨਾਂ ਐਲਾਨਾਂ ਤਹਿਤ ਹੀ ਸਰਕਾਰ ਵੱਲੋਂ ਪੰਜਾਬ ਵਿਚ ਦੋ ਕਿਲੋਵਾਟ ਦੇ ਖੱਪਤਕਾਰਾਂ ਨੂੰ ਬਿਜਲੀ ਬਿੱਲ ਮੁਆਫ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਅੱਜ 2 ਕਿਲੋਵਾਟ ਦੇ ਘਰੇਲੂ ਬਿਜਲੀ ਖੱਪਤਕਾਰਾਂ ਦੇ ਫਾਰਮ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ. ਦੇ ਅਧਿਕਾਰੀਆਂ ਵੱਲੋਂ ਅਦਰਸ਼ ਨਗਰ ਚੁੱਘਾ ਰੋਡ ਵਸਤੀ ਧਰਮਕੋਟ ਵਿਖੇ ਭਰੇ ਗਏ। ਅੰਜਲੀ ਉਪਲ ਅਤੇ ਜੇਈ ਗੁਰਜੰਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੰਨਾ ਵੀ ਘਰੇਲੂ ਬਿਜਲੀ ਖੱਪਤਕਾਰਾਂ ਦਾ ਜਿੰਨਾ ਵੀ ਬਿੱਲ ਬਕਾਇਆ ਰਹਿੰਦਾ ਹੈ ਉਨਾਂ ਦੇ ਮੁਆਫੀ ਫਾਰਮ ਭਰੇ ਗਏ ਹਨ, ਬਸ਼ਰਤੇ ਕਿ ਉਨਾਂ ਦਾ ਲੋਡ ਦੋ ਕਿੱਲੋਵਾਟ ਹੋਣਾ ਚਾਹੀਦਾ ਹੈ। ਫਾਰਮ ਭਰਨ ਆਏ ਲੋਕਾਂ ਨੇ ਪ੍ਰਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੀ ਇੰਨੀ ਮਹਿੰਗਾਈ ਦੌਰਾਨ ਘਰਾਂ ਦਾ ਗੁਜਾਰਾ ਮੁਸ਼ਕਿਲ ਨਾਲ ਚੱਲਦਾ ਹੈ, ਪੰਜਾਬ ਸਰਕਾਰ ਵੱਲੋਂ ਲੋਕ ਹਿਤ ਵਿਚ ਲਿਆ ਫੈਸਲਾ ਸ਼ਲਾਘਾਯੋਗ ਹੈ, ਜਿਸ ਲਈ ਪੰਜਾਬ ਵਾਸੀ ਉਨਾਂ ਦੇ ਰਿਣੀ ਰਹਿਣਗੇ। ਇਸ ਮੌਕੇ ਪ੍ਰਵੀਨ ਉਪਲ, ਰਜਿੰਦਰ ਸਿੰਘ, ਗਿਤੇਸ਼ ਉਪਲ ਤੋਂ ਇਲਾਵਾ ਹੋਰ ਲਾਭਪਾਤਰੀ ਹਾਜਰ ਸਨ।