ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਹੈਪਲ-ਲਾਈਨ ਨੰਬਰ 01682-220103 ਵੀ ਕੀਤਾ ਜਾਰੀ

ਕੈਪਸ਼ਨ : ਧੁੱਸੀ ਬੰਨ 'ਤੇ ਸਥਿਤੀ ਦਾ ਜਾਇਜ਼ਾ ਲੈਣ ਸਮੇਂ ਡੀਸੀ ਮੋਗਾ ਸੰਦੀਪ ਹੰਸ ਤੇ ਹੋਰ ਅਧਿਕਾਰੀ।

ਨੰਬਰ : 20 ਮੋਗਾ 12 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਰੋਪੜ ਦੇ ਹੈਡਵਰਕ ਤੋਂ 2.4 ਲੱਖ ਕਿਊਸਕ ਪਾਣੀ ਛੱਡਣ ਤੋਂ ਬਾਅਦ ਧਰਮਕੋਟ ਵਿੱਚ ਪੈਂਦੇ ਸਤਲੁਂਜ ਦਰਿਆ ਵਿਖੇ ਪਾਣੀ ਖਤਰੇ ਦਾ ਪੱਧਰ 724 ਫੁੱਟ 'ਤੇ ਪਹੁੰਚਣ ਕਾਰਣ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵੱਲੋਂ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਧਰਮਕੋਟ ਦੇ ਨੀਵੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਸੰਦੀਪ ਹੰਸ ਜੋ ਕਿ ਧਰਮਕੋਟ ਦੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਲ ਧਰਮਕੋਟ ਦੇ ਪਿੰਡ ਸੰਘੇੜਾ ਵਿੱਚ ਪਾਣੀ ਦੇ ਪੱਧਰ ਦਾ ਨਿਰੀਖਣ ਕਰ ਰਹੇ ਸਨ, ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਰੈਸਿਕਿਊ ਆਪ੍ਰਰੇਸ਼ਨ ਲਈ ਐਨ.ਡੀਆਰਐਫ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਾਇਨਾਤ ਹਨ।

ਉਨ੍ਹਾਂ ਦੱਸਿਆ ਕਿ ਧਰਮਕੋਟ, ਕਿਸ਼ਨਪੁਰਾ ਕਲਾਂ, ਖੰਬਾ ਅਤੇ ਫਤਿਹਗੜ ਪੰਜਤੂਰ ਸਮੇਤ ਚਾਰ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਰੇਹੜਵਾ ਵਿਖੇ ਇਕ ਐਮਰਜੈਂਸੀ ਕੇਂਦਰ ਵੀ ਸਥਾਪਤ ਕੀਤਾ ਹੈ, ਜਿਥੇ ਖਾਣ-ਪੀਣ ਅਤੇ ਰਹਿਣ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਦੇ ਇਲਾਜ ਲਈ ਸਾਰੇ ਕੇਂਦਰਾਂ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਦੇ ਸਟਾਫ ਨੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪਿੰਡ ਸੰਘੇੜਾ ਨੇੜੇ ਬੱਕਰੀਆਂ ਨਾਲ ਤੈਰਦੇ ਇੱਕ ਆਦਮੀ ਅਤੇ ਇੱਕ ਅੌਰਤ ਨੂੰ ਬਚਾਇਆ ਹੈ ਜਦਕਿ ਇੱਕ ਹੋਰ ਵਿਅਕਤੀ ਨੂੰ ਕਮਾਲਕੇ ਪਿੰਡ ਵਿੱਚ ਬਚਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਧਰਮਕੋਟ ਸਬ-ਡਵੀਜ਼ਨ ਵਿਚ ਲਗਭਗ 28 ਪਿੰਡ ਪੈਂਦੇ ਹਨ ਜਿੰਨ੍ਹਾਂ ਵਿੱਚ ਸੰਘੇੜਾ ਅਤੇ ਕੰਬੋ ਖੁਰਦ ਦੋ ਸਭ ਤੋਂ ਵੱਧ ਹੜ੍ਹ ਪ੍ਰਭਾਵਤ ਪਿੰਡ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸ਼ਤੀਆਂ ਜ਼ਰੀਏ ਇਨ੍ਹਾਂ ਪਿੰਡਾਂ ਤੋਂ ਬਾਹਰ ਕੱਢ ਕੇ ਰਾਹਤ ਸੈਟਰਾਂ ਵਿੱਚ ਪਹੁੰਚਾਇਆ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਸ਼ੇਰਪੁਰ ਵਿਖੇ ਪਾਣੀ ਦਾ ਪੱਧਰ ਖਤਰੇ ਦੇ ਪੱਧਰ ਤੋਂ ਉੱਪਰ ਆ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਰੋਕ ਕੇ ਪਾਣੀ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਧੂਸੀ ਬੰਦ ਨੂੰ ਵੀ ਮਜ਼ਬੂਤ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ 01682-220103 ਵੀ ਸ਼ੁਰੂ ਕੀਤੀ ਹੈ ਤਾਂ ਕਿ ਉਹ ਕਿਸੇ ਵੀ ਕਿਸਮ ਦੀ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬੱਤਰਾ, ਉਪ ਮੰਡਲ ਮੈਜਿਸਟ੍ਰੇਟ ਧਰਕੋਟ ਨਰਿੰਦਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਗਾ ਗੁਰਵਿੰਦਰ ਸਿੰਘ ਜੌਹਲ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਡਾ: ਅਰਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ। ਉਥੇ ਮੌਜੂਦ ਸਮਾਜ ਸੇਵਕ ਸੰਤ ਸ਼ਮਸੇਰ ਸਿੰਘ ਜੀ ਲੋਪੋਵਾਲੇ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।