ਜੇਐੱਨਐੱਨ, ਮੋਗਾ: ਪੁਲਿਸ ਨੇ ਆਪਣਾ ਗਾਹਕ ਭੇਜ ਕੇ ਬੱਚਿਆਂ ਦੀ ਚੋਰੀ ਤੇ ਮਨੁੱਖੀ ਤਸਕਰੀ ਰੋਕਣ ਵਾਲੇ ਗਿਰੋਹ ਦਾ ਭਾਂਡਾ ਭੰਨਿਆ ਹੈ। ਲੁਧਿਆਣਾ ਦੇ ਹੈਬੋਵਾਲ ਤੋਂ ਦੋ ਮਹੀਨਿਆਂ ਦੀ ਬੱਚੀ ਨੂੰ ਵੇਚਣ ਆਏ ਪਤੀ-ਪਤਨੀ ਸਮੇਤ ਪੰਜ ਜਣਿਆਂ ਨੂੰ ਥਾਣਾ ਸਿਟੀ-1 ਦੀ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਜਲਦੀ ਹੋਰ ਖ਼ੁਲਾਸੇ ਹੋ ਸਕਦੇ ਹਨ।

ਇਹ ਸੀ ਮਾਮਲਾ

ਸੀਆਈਏ ਸਟਾਫ ਮੋਗਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ਵਿਚ ਬੱਚਿਆਂ ਦੀ ਚੋਰੀ ਕਰਨ ਤੇ ਮਜਬੂਰ ਜੋੜਿਆਂ ਤੋਂ ਬੱਚਾ ਖ਼ਰੀਦ ਕੇ ਹੋਰਨਾਂ ਵਿਅਕਤੀਆਂ ਨੂੰ ਵੇਚਣ ਵਾਲਾ ਗਿਰੋਹ ਸਰਗਰਮ ਹੈ। ਇਸ ਗਿਰੋਹ ਦੇ ਗੁਰਗੇ ਫੜਨ ਲਈ ਪੁਲਿਸ ਨੇ ਖ਼ਾਸ ਗਾਹਕ ਤਿਆਰ ਕੀਤੇ ਸਨ। ਇਨ੍ਹਾਂ ਗਾਹਕਾਂ ਨੇ ਗੈਂਗ ਦੇ ਗੁਰਗਿਆਂ ਅੱਗੇ ਬੱਚਾ ਖ਼ਰੀਦਣ ਦੀ ਪੇਸ਼ਕਸ਼ ਕੀਤੀ ਸੀ। ਗੈਂਗ ਦੇ ਮੈਂਬਰਾਂ ਨੂੰ ਮਿਲਣ ਵਾਲੇ ਲੋਕਾਂ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਹੈਬੋਵਾਲ ਵਿਚ ਰਹਿੰਦੀ ਰਣਜੀਤ ਕੌਰ ਨਾਂ ਦੀ ਔਰਤ ਨਾਲ ਸਨ। ਰਣਜੀਤ ਹੈਬੋਵਾਲ ਵਾਸੀ ਅਵਤਾਰ ਸਿੰਘ ਦੇ ਗੁਆਂਢ ਵਿਚ ਰਹਿੰਦੀ ਸੀ।

ਅਵਤਾਰ ਤੇ ਪਤਨੀ ਰਜਨੀ ਆਪਣੀ ਦੋ ਮਹੀਨਿਆਂ ਦੀ ਬੱਚੀ ਦੇ ਜਨਮ ਮਗਰੋਂ ਉਸ ਦੀ ਬਿਮਾਰੀ ਕਾਰਨ ਇਲਾਜ ਕਰਾ ਕੇ ਵਿੱਤੀ ਪੱਖੋਂ ਟੁੱਟ ਚੁੱਕੇ ਸਨ। ਇਸ ਜੋੜੇ ਦੀ ਪਰੇਸ਼ਾਨੀ ਦਾ ਫ਼ਾਇਦਾ ਲੈ ਕੇ ਗੁਆਂਢ ਵਿਚ ਰਹਿੰਦੀ ਰਣਜੀਤ ਨੇ ਰਜਨੀ ਤੇ ਉਸ ਦੇ ਪਤੀ ਨੂੰ ਝਾਂਸਾ ਦਿੱਤਾ ਸੀ ਕਿ ਮੋਗਾ ਵਿਚ ਕੋਈ ਜੋੜਾ ਉਨ੍ਹਾਂ ਦੀ ਬੱਚੀ ਨੂੰ ਗੋਦ ਲੈਣਾ ਚਾਹੁੰਦਾ ਹੈ। ਜੇ ਉਹ ਬੱਚੀ ਗੋਦ ਦੇ ਦੇਣ ਤਾਂ ਉਹ 40 ਹਜ਼ਾਰ ਰੁਪਏ ਮਦਦ ਕਰ ਦੇਣਗੇ। ਵਿੱਤੀ ਪੱਖੋਂ ਟੁੱਟ ਚੁੱਕੇ ਅਵਤਾਰ ਤੇ ਰਜਨੀ ਇਸ ਵਾਸਤੇ ਤਿਆਰ ਹੋ ਗਏ ਸਨ।

ਪੁਲਿਸ ਮੁਤਾਬਕ ਤਿਆਰ ਕੀਤੇ ਗਏ ਗਾਹਕ ਨੇ ਪਹਿਲਾਂ ਤਾਂ ਗੈਂਗ ਦੇ ਗੁਰਗਿਆਂ ਨੂੰ ਅਵਤਾਰ, ਰਜਨੀ ਸਮੇਤ ਜਗਰਾਵਾਂ ਸੱਦ ਲਿਆ। ਇਹ ਲੋਕ ਪੁੱਜੇ ਤਾਂ ਬਾਅਦ ਵਿਚ ਉਨ੍ਹਾਂ ਨੂੰ ਮੋਗਾ ਦੀ ਲੁਧਿਆਣਾ ਰੋਡ ਸਥਿਤ ਬੰਗਾਲੀ ਸਵੀਟਸ ਵਿਚ ਸੱਦ ਲਿਆ। ਹਲਵਾਈ ਦੀ ਹੱਟੀ ਵਿਚ ਪੁੱਜਣ 'ਤੇ ਪੁਲਿਸ ਵੱਲੋਂ ਤਿਆਰ 'ਗਾਹਕ' ਲਗਾਤਾਰ ਫੋਨ 'ਤੇ ਸੰਪਰਕ ਕਰ ਰਹੇ ਨਸ। ਪੁਲਿਸ ਨੇ ਮੌਕਾ ਵੇਖ ਕੇ ਛਾਪਾ ਮਾਰਿਆ ਤਾਂ ਅਵਤਾਰ ਤੇ ਰਜਨੀ ਨੂੰ ਹਿਰਾਸਤ ਵਿਚ ਲੈ ਲਿਆ।

ਦੋ ਹੋਰ ਅਨਸਰ ਹਿਰਾਸਤ ਵਿਚ ਲਏ ਗਏ, ਬਾਅਦ ਵਿਚ ਰਾਤ ਨੂੰ ਛਾਪਾਮਾਰੀ ਕਰ ਕੇ ਗਿਰੋਹ ਦੇ ਦੋ ਹੋਰ ਮੈਂਬਰਾਂ ਨਾਲ ਕੰਮ ਕਰਨ ਵਾਲੀ ਇਕ ਔਰਤ ਨੂੰ ਹਿਰਾਸਤ ਵਿਚ ਲੈ ਕੇ ਪੰਜਾਂ ਜਣਿਆਂ ਵਿਰੁੱਧ ਬਾਲ ਤਸਕਰੀ ਤੇ ਧੋਖਾਦੇਹੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾ ਕੇ ਕੇਸ ਦਰਜ ਕਰ ਲਿਆ। ਪੰਜੇ ਜਣਿਆਂ ਨੂੰ ਪੁਲਿਸ ਨੇ ਮੰਗਲਵਾਰ ਨੁੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕੀਤੀ। ਜਿਹੜਾ ਪਰਿਵਾਰ ਬੱਚੀ ਨੂੁੰ ਖ਼ਰੀਦਣ ਵਾਲਾ ਸੀ, ਉਹ ਮੌਕਾ ਵੇਖ ਕੇ ਭੱਜ ਗਿਆ। ਪੁਲਿਸ ਨੇ ਅਵਤਾਰ ਸਿੰਘ ਪੁੱਤਰ ਜਸਵੀਰ, ਰਜਨੀ, ਰਣਜੀਤ ਕੌਰ, ਜਸਵੀਰ ਸਿੰਘ ਤੇ ਕਮਲਜੀਤ ਕੌਰ ਸਾਰੇ ਵਾਸੀ ਹੈਬੋਵਾਲ 'ਤੇ ਕੇਸ ਦਰਜ ਕੀਤਾ ਹੈ।