ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮਸ਼ਹੂਰ ਪੰਜਾਬੀ ਫਿਲਮਸਾਜ਼,ਲੇਖਕ ਤੇ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣਾ ਆਖਰੀ ਸਾਹ ਅਫਰੀਕਾ ਦੇ ਯੁਗਾਂਡਾ 'ਚ ਲਿਆ। 17 ਅਪ੍ਰੈਲ ਨੂੰ ਉਹ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਕੱਲ੍ਹ ਰਾਤ ਉਨ੍ਹਾਂ ਦੀ ਮੌਤ ਹੋ ਗਈ।

ਲੁਧਿਆਣਾ ਜ਼ਿਲ੍ਹਾ 'ਚ ਜਗਰਾਓਂ ਨੇੜਲੇ ਪਿੰਡ ਮਲਿਕ ਦੇ ਰਹਿਣ ਵਾਲੇ ਸੁਖਜਿੰਦਰ ਸ਼ੇਰਾ ਨੇ ਪੰਜਾਬੀ ਸਿਨੇਮਾ 'ਚ ਵੱਡਾ ਨਾਂ ਕਮਾਇਆ । ਮਰਹੂਮ ਅਦਾਕਾਰ ਵਰਿੰਦਰ ਦੀ ਫਿਲਮ 'ਯਾਰੀ ਜੱਟ ਦੀ' 'ਚ ਬਤੌਰ ਅਦਾਕਾਰ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 'ਜੱਟ ਤੇ ਜ਼ਮੀਨ' ਫਿਲਮ ਤੋਂ ਪ੍ਰਸਿਂਧੀ ਖੱਟੀ। ਸ਼ੇਰਾ ਪੰਜਾਬੀ ਸਿਨੇਮਾ ਜਗਤ ਦਾ ਉਹ ਨਾਂ ਸੀ ਜੋ 80ਵੇਂ ਦਹਾਕੇ ਵਿਚ ਚਮਕਿਆ। ਉਸ ਵੇਲੇ ਹਰ ਫਿਲਮ ਉਸ ਬਿਨਾਂ ਅਧੂਰੀ ਸੀ। ਉਸ ਦੀਆਂ ਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਜ਼ੋਰ ਜੱਟ ਦਾ, ਉੱਚਾ ਪਿੰਡ, ਸਿਰ ਧੜ ਦੀ ਬਾਜ਼ੀ, ਪਗੜੀ ਸੰਭਾਲ ਜੱਟਾ,ਧਰਮ ਜੱਟ ਦਾ, ਜੰਗੀਰਾ, ਕਤਲੇਆਮ, ਹਥਿਆਰ, ਗੈਰਤ ਹਨ।

ਸ਼ੇਰਾ ਨੇ ਬਾਅਦ ਵਿੱਚ ਨਿਰਮਾਤਾ ਨਿਰਦੇਸ਼ਕ ਵਜੋਂ ਵੀ ਕਈ ਫਿਲਮਾਂ ਕੀਤੀਆਂ । ਉਹਨਾਂ ਦੀ ਆਖਰੀ ਫਿਲਮ ਯਾਰ ਬੇਲੀ ਸੀ। ਚੰਡੀਗੜ੍ਹ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਦੇਹ ਲਿਆਉਣ ਲਈ ਮੰਗ ਕੀਤੀ ਹੈ।

Posted By: Tejinder Thind