ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬ ਵਿਚ ਵੱਧ ਰਹੇ ਕੋਰੋਨਾ ਅੰਕੜਿਆਂ ਨੂੰ ਲੈ ਕੇ ਇੱਥੋਂ ਦਾ ਪ੍ਰਸ਼ਾਸਨ ਵੀ ਸ਼ਨਿੱਚਰਵਾਰ ਨੂੰ ਸਖ਼ਤੀ ਭਰੇ ਰੌਂਅ ਵਿਚ ਦਿਖਾਈ ਦਿੱਤਾ। ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ 'ਚ ਵੀ ਕੋਰੋਨਾ ਦਾ ਖ਼ੌਫ ਦੇਖਣ ਨੂੰ ਮਿਲਿਆ। ਪੁਲਿਸ ਨੇ ਸਖ਼ਤੀ ਭਰੇ ਲਹਿਜੇ ਵਿਚ ਚਿਤਾਵਨੀ ਦਿੰਦਿਆਂ ਠੀਕਰੀ ਪਹਿਰੇ ਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਪਰਸ਼ਨ ਸਿੰਘ ਨੇ ਇਲਾਕੇ ਦੀਆਂ ਦਰਜਨ ਪੰਚਾਇਤਾਂ ਤੇ ਖੇਡ ਕਲੱਬਾਂ ਨਾਲ ਮੀਟਿੰਗ ਕਰਕੇ ਠੀਕਰੀ ਪਹਿਰੇ ਲਾਉਣ ਦੇ ਆਦੇਸ਼ਾਂ ਨੂੰ ਜਲਦ ਅਮਲੀਜਾਮਾਂ ਪਹਿਨਾਉਣ ਲਈ ਆਖ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਪਰਸ਼ਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਪਿੰਡਾਂ ਵਿਚ ਸਖ਼ਤੀ ਕਰਦਿਆਂ ਤੁਰੰਤ ਠੀਕਰੀ ਪਹਿਰੇ ਲਗਾਏ ਜਾਣ। ਉਹਨਾਂ ਕਿਹਾ ਕਿ ਪਿੰਡਾਂ ਵਿਚ ਏਨੀ ਸਖ਼ਤੀ ਕੀਤੀ ਜਾਵੇ ਕਿ ਬਾਹਰਲਾ ਕੋਈ ਵੀ ਵਿਆਕਤੀ ਤੁਹਾਡੇ ਪਿੰਡ ਵਿਚ ਦਾਖਲ ਨਾ ਹੋ ਸਕੇ। ਡੀਐਸਪੀ ਨੇ ਲੁਹਾਰਾ, ਮਾਛੀਕੇ, ਬਿਲਾਸਪੁਰ, ਹਿੰਮਤਪੁਰਾ ਆਦਿ ਦਰਜਨਾਂ ਪਿੰਡਾਂ ਦੀਆਂ ਪੰਚਾਇਤਾ ਤੇ ਕਲੱਬਾਂ ਨਾਲ ਮੀਟਿੰਗ ਕਰਕੇ ਇਹ ਆਦੇਸ਼ ਜਾਰੀ ਕੀਤੇ। ਇਸ ਮੌਕੇ ਉਹਨਾਂ ਨਾਲ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਗੁਵਿੰਦਰ ਸਿੰਘ, ਚੌਕੀ ਇੰਚਾਰਜ ਬੇਅੰਤ ਸਿੰਘ ਭੱਟੀ ਵੀ ਹਾਜਰ ਸਨ।

ਕਿੰਨੀ ਹੋਵੇਗੀ ਇਹਨਾਂ ਆਦੇਸ਼ਾ ਦੀ ਪਾਲਣਾ

ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਦੇ ਡਰੋਂ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਜਵਾਨਾਂ ਵੱਲੋਂ ਆਪਣੇ ਪੱਧਰ ਤੇ ਪਿੰਡਾਂ ਦੀਆਂ ਹੱਦਾਂ ਤੇ ਠੀਕਰੀ ਪਹਿਰੇ ਲਗਾ ਦਿੱਤੇ ਸਨ। ਪਿੰਡਾਂ ਵਿਚ ਕਿਸੇ ਵੀ ਬਾਹਰੀ ਵਿਆਕਤੀ ਨੂੰ ਦਾਖਲ ਤੱਕ ਨਹੀਂ ਸੀ ਹੋਣ ਦਿੱਤਾ ਸੀ। ਇਥੋਂ ਤੱਕ ਕਿ ਕਵਰੇਜ ਕਰਨ ਜਾ ਰਹੇ ਪੱਤਰਕਾਰਾਂ ਨੂੰ ਵੀ ਮੁਸਕਲਾਂ ਪੇਸ਼ ਆਈਆਂ ਸਨ। ਹੁਣ ਇਹਨਾਂ ਆਦੇਸ਼ਾਂ ਪਾਲਣਾ ਕਿੰਨੀ ਕੁ ਹੁੰਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ। ਜਦੋਂ ਇਸ ਸਬੰਧੀ ਇਲਾਕੇ ਦੀਆਂ ਕਈ ਪੰਚਾਇਤਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਗੱਲ ਨੂੰ ਗੋਲਮੋਲ ਕਰਦਿਆਂ ਆਉਣ ਵਾਲੇ ਸਮੇਂ ਤੇ ਨਿਰਭਰ ਕਰਦਾ ਹੈ ਆਖ ਕਿ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Posted By: Susheel Khanna