ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਮਾਲਵੇ ਦੇ ਕਿਸਾਨਾਂ ਨੇ ਸੂਰਜਮੁਖੀ ਦੀ ਫ਼ਸਲ ਤੋਂ ਆਪਣਾ ਹੱਥ ਪਿਛਾਂਹ ਕਰਦਿਆਂ ਪਾਸਾ ਵੱਟ ਲਿਆ ਹੈ। ਇਹ ਫ਼ਸਲ ਆਲੂਆਂ ਦੀ ਪੁਟਾਈ ਤੋਂ ਬਾਅਦ ਮਾਰਚ ਮਹੀਨੇ ਵਿਚ ਲੱਗਦੀ ਸੀ। ਮੋਗਾ ਵਿਚ ਇਸ ਵਾਰ ਸੂਰਜਮੁਖੀ ਦੀ ਫ਼ਸਲ ਨਾ ਲੱਗਣਾ ਕਈ ਸਵਾਲ ਖੜ੍ਹੇ ਕਰਦਾ ਹੈ।

'ਪੰਜਾਬੀ ਜਾਗਰਣ' ਵੱਲੋਂ ਇਕੱਤਰ ਕੀਤੇ ਵੇਰਵਿਆਂ ਨੇ ਨਾ ਵੀ ਕਈ ਮੁਸ਼ਕਲਾਂ ਦੀ ਨਿਸ਼ਾਨਦੇਹੀ ਕੀਤੀ ਹੈ। ਆਲੂਆਂ ਦੀ ਖੇਤੀ ਕਰ ਰਹੇ ਕਿਸਾਨਾਂ ਸਿੰਦਰ ਸਿੰਘ, ਕਰਨੈਲ ਸਿੰਘ, ਗੁਰਜੰਟ ਸਿੰਘ ਵਿੱਕੀ ਤੇ ਦੇਵ ਸਿੰਘ ਨੇ ਦੱਸਿਆ ਕਿ ਅਸੀਂ ਪਹਿਲਾਂ ਕਈ ਸਾਲ ਸੂਰਜਮੁਖੀ ਦੀ ਫ਼ਸਲ ਲਾਉਂਦੇ ਸਾਂ। ਇਸ ਫ਼ਸਲ 'ਤੇ ਖ਼ਰਚਾ ਜ਼ਿਆਦਾ ਹੋ ਜਾਂਦਾ ਹੈ ਤੇ ਮਿਹਨਤ ਦਾ ਤਾਂ ਪੁੱਛੋ ਹੀ ਨਾ ਕਿੰਨੀ ਕਰਨੀ ਪੈਂਦੀ ਸੀ। ਕਿਸਾਨਾਂ ਨੇ ਦੱਸਿਆ ਕਿ ਸੂਰਜਮੁਖੀ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੁੰਦੀ ਹੈ ਉਸ ਸਮੇਂ ਬਾਰਸ਼ਾਂ ਦਾ ਸਮਾਂ ਆ ਜਾਂਦਾ ਹੈ ਜਿਸ ਨਾਲ ਇਹ ਫ਼ਸਲ ਖ਼ਰਾਬ ਤਾਂ ਹੁੰਦੀ ਹੀ ਹੈ ਇਸ ਦੀ ਸਾਂਭ-ਸੰਭਾਲ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਝੋਨੇ ਲਾਉਣ ਵਿਚ ਰੁੱਝ ਜਾਂਦੇ ਹਾਂ ਤੇ ਇਸ ਫ਼ਸਲ ਨੂੰ ਜ਼ਿਆਦਾ ਸਮਾਂ ਰੱਖਣ 'ਤੇ ਵਜ਼ਨ ਤਾਂ ਘੱਟ ਹੁੰਦਾ ਹੀ ਹੈ, ਨਾਲ ਹੀ ਭਾਅ ਵੀ ਨਿਗੂਣਾ ਮਿਲਦਾ ਹੈ।

ਕਿਸਾਨਾਂ ਨੇ ਕਿਉਂ ਵੱਟਿਆ ਇਸ ਫ਼ਸਲ ਤੋਂ ਪਾਸਾ

ਇਸ ਬਾਰੇ ਕਿਸਾਨ ਬਹਾਦਰ ਸਿੰਘ ਮੱਲੇਆਣਾ ਤੇ ਮੰਦਰ ਬਰਾੜ ਨੇ ਕਿਹਾ ਕਿ ਸੂਰਜਮੁਖੀ ਦੀ ਫ਼ਸਲ ਨੇ ਪਹਿਲਾਂ ਤਾਂ ਚੰਗਾ ਮੁਨਾਫ਼ਾ ਦਿੱਤਾ ਤੇ ਝਾੜ ਵੱਲੋਂ ਕਾਫੀ ਸੰਤੁਸ਼ਟੀ ਮਿਲੀ। ਇਸ ਫ਼ਸਲ ਦਾ ਇੱਕੋ ਨੁਕਸਾਨ ਹੈ ਜਦੋਂ ਇਸ ਦੀ ਵਾਢੀ ਹੁੰਦੀ ਹੈ ਉਸ ਵਕਤ ਮੀਂਹਾਂ ਦੀ ਰੁੱਤ ਹੋਣ ਕਰ ਕੇ ਇਸ ਤਾਂ ਸਾਰੀਆਂ ਫ਼ਸਲਾਂ ਨਾਲੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਸੂਰਜਮੁਖੀ ਦੀ ਫ਼ਸਲ ਖੇਤ ਵਿਚ ਖਪਤ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਸਲ ਦੀ ਵਾਢੀ ਕਰਨ ਲਈ ਕਾਫੀ ਸਮਾਂ ਲੱਗਦਾ ਹੈ ਤੇ ਫੇਰ ਮੰਡੀਕਰਨ ਹੁੰਦਾ ਹੈ।

ਇਸ ਵਾਰ ਕਿੰਨੀ ਲੱਗੀ ਇਹ ਫ਼ਸਲ

ਸੂਰਜਮੁਖੀ ਦੀ ਫ਼ਸਲ ਸਬੰਧੀ ਜਦੋਂ ਮੁੱਖ ਖੇਤੀਬਾੜੀ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਸੂਰਜਮੁਖੀ ਦੀ ਫ਼ਸਲ ਨਾਂ-ਮਾਤਰ ਹੀ ਲੱਗੀ ਹੈ। ਸੂਰਜਮੁਖੀ ਦੀ ਫ਼ਸਲ ਦੇ ਨਾ ਲੱਗਣ ਬਾਰੇ ਉਨ੍ਹਾਂ ਕਿਹਾ ਕਿ ਇਸ ਫ਼ਸਲ ਦਾ ਕਿਸਾਨਾਂ ਨੂੰ ਠੀਕ ਮੁੱਲ ਨਾ ਮਿਲਣਾ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੇ ਇਸ ਫ਼ਸਲ ਤੋਂ ਪਾਸਾ ਵੱਟ ਲਿਆ ਹੈ।