ਸਵਰਨ ਗੁਲਾਟੀ, ਮੋਗਾ : ਜ਼ਮੀਨ ਠੇਕੇ 'ਤੇ ਲੈਣ ਤੋਂ ਬਾਅਦ ਉਸ ਤੇ ਬੀਜੀ ਫ਼ਸਲ ਨੂੰ ਇਕ ਧਿਰ ਵੱਲੋਂ ਵੇਚ ਕੇ ਪੈਸਿਆਂ ਦਾ ਹਿੱਸਾ ਆਪਣੇ ਹਿੱਸੇਦਾਰ ਨੂੰ ਨਾ ਦੇਣ 'ਤੇ ਅਤੇ ਹਿੱਸੇਦਾਰ ਨੂੰ ਧਮਕੀਆਂ ਦੇਣ ਤੋਂ ਪਰੇਸ਼ਾਨ ਹੋ ਕੇ ਇਕ ਹਿੱਸੇਦਾਰ ਨੇ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮਿ੍ਤਕ ਦੇ ਲੜਕੇ ਦੇ ਬਿਆਨ 'ਤੇ ਦੋ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸਆਈ ਬੇਅੰਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧੂੜਕੋਟ ਰਣਸੀਂਹ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਨੇ ਅਤੇ ਉਸ ਦੇ ਪਿਤਾ ਗੁਰਜੰਟ ਸਿੰਘ ਨੇ ਸੁਖਦੇਵ ਸਿੰਘ ਪੁੱਤਰ ਹਰਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਧੂੜਕੋਟ ਰਣਸੀਂਹ ਨਾਲ ਰਲ ਕੇ ਜ਼ਮੀਨ ਠੇਕੇ 'ਤੇ ਲਈ ਸੀ ਪਰ ਸੁਖਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵਾਂ ਨੇ ਸਾਜ਼ਿਸ਼ ਰਚ ਕੇ ਜ਼ਮੀਨ ਵਿਚ ਬੀਜੀ ਕਣਕ ਦੀ ਫ਼ਸਲ ਵੱਢ ਕੇ ਵੇਚ ਦਿੱਤੀ ਅਤੇ ਪੈਸੇ ਉਨ੍ਹਾਂ ਨੇ ਆਪ ਰੱਖ ਲਏ ਤੇ ਉਨ੍ਹਾਂ ਦਾ ਬਣਦਾ ਹਿੱਸਾ ਨਹੀਂ ਦਿੱਤਾ।

ਜਦ ਉਹ ਅਤੇ ਉਸ ਦੇ ਪਿਤਾ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਤਾਂ ਉਹ ਉਨ੍ਹਾਂ ਦੋਵਾਂ ਪਿਓ ਪੁੱਤਾਂ ਨੂੰ ਧਮਕੀਆਂ ਦਿੰਦੇ ਸਨ। ਜਿਸ ਤੋਂ ਤੰਗ ਹੋ ਕੇ ਉਸ ਦੇ ਪਿਤਾ ਗੁਰਜੰਟ ਸਿੰਘ ਨੇ 21 ਮਈ ਨੂੰ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ ਜਿਸ ਨੂੰ ਇਲਾਜ ਲਈ ਨਿਹਾਲ ਸਿੰਘ ਵਾਲਾ ਦੇ ਇਕ ਪ੍ਰਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਤੇ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ 'ਚ ਰਖਵਾਉਣ ਤੋਂ ਬਾਅਦ ਮਿ੍ਤਕ ਵਿਅਕਤੀ ਦੇ ਲੜਕੇ ਦੇ ਬਿਆਨ 'ਤੇ ਸੁਖਦੇਵ ਸਿੰਘ ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।