- ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ : ਡੱਲੇਵਾਲਾ

ਮਨਿੰਦਰਜੀਤ ਸਿੰਘ, ਜੈਤੋ : ਜਗਸੀਰ ਸਿੰਘ ਉਰਫ 'ਜੱਗਾ' ਵਾਸੀ ਪਿੰਡ ਕੋਟੜਾ ਕੋੜਿਆਂਵਾਲੀ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਕਿਸਾਨ ਦੇ ਆਤਮ ਹੱਤਿਆ ਕਰਨ ਦੇ ਤੀਜੇ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਅੱਜ ਕਿਸਾਨ ਜਗਸੀਰ ਸਿੰਘ ਦੀ ਲਾਸ਼ ਸਬ-ਡਵੀਜਨ ਦੇ ਵਿਹੜੇ 'ਚ ਰੱਖੀ ਹੋਈ ਸੀ। ਜਿਕਰਯੋਗ ਹੈ ਕਿ ਕਿਸਾਨ ਕੱਲ੍ਹ ਸ਼ਾਮ ਨੂੰ ਹੀ ਜਗਸੀਰ ਸਿੰਘ ਦੀ ਲਾਸ਼ ਸ਼ਿਵਲ ਹਸਪਤਾਲ ਜੈਤੋ 'ਚੋਂ ਆਪਣੇ ਕਬਜ਼ੇ 'ਚ ਲੈ ਕੇ ਧਰਨੇ ਵਾਲੀ ਜਗ੍ਹਾ ਵਿੱਚ ਲੈ ਆਏ। ਜਦ ਅਸੀਂ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਉਸ ਜਗ੍ਹਾ ਦੀ ਬਿਜਲੀ ਬੰਦ ਕਰ ਦਿੱਤੀ ਹੈ ਜਿਸ ਜਗ੍ਹਾ ਕਿਸਾਨ ਜਗਸੀਰ ਸਿੰਘ ਦੀ ਲਾਸ਼ ਫਰਿੱਜ ਵਿੱਚ ਪਈ ਸੀ ਤਾਂ ਜੋ ਲਾਸ਼ ਖਰਾਬ ਹੋ ਜਾਵੇ ਅਤੇ ਯੂਨੀਅਨ ਨੂੰ ਮਜਬੂਰਨ ਆਪਣੇ ਆਗੂ ਦਾ ਸਸਕਾਰ ਕਰਨਾ ਪਵੇ। ਇਸ ਕਰਕੇ ਅਸੀਂ ਆਪਣੇ ਆਗੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜਨਰੇਟਰ ਦਾ ਪ੍ਰਬੰਧ ਕਰਕੇ ਆਪਣੇ ਲਾਸ਼ ਦੀ ਹਿਫਾਜਤ ਖੁਦ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਤੋਂ ਬਾਜ ਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਲੋਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਉੱਪਰ ਸਰਕਾਰ ਤਕ ਪਹੁੰਚਾੳਣਾ ਹੁੰਦਾ ਹੈ ਪਰ ਇੱਥੇ ਪ੍ਰਸ਼ਾਸਨ ਉਲਟਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ 'ਤੇ ਤੁਲਿਆ ਹੋਇਆ। ਉਹਨਾਂ ਕਿਹਾ ਕਿ ਜਦੋਂ ਤਕ ਉਹਨਾਂ ਦੇ ਕਿਸਾਨਾਂ ਉੱਪਰ ਪਾਏ ਬੇ-ਬੁਨਿਆਦ ਪਰਚੇ ਰੱਦ ਨਹੀਂ ਕੀਤੇ ਜਾਂਦੇ ਅਤੇ ਕਿਸਾਨ ਜਗਸੀਰ ਸਿੰਘ ਦੇ ਪਰਿਵਾਰ ਨੂੰ ਦਿੱਲੀ ਸਰਕਾਰ ਦੀ ਤਰਜ 'ਤੇ 1 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਉਦੋਂ ਤਕ ਕਿਸਾਨ ਜਗਸੀਰ ਸਿੰਘ ਦੀ ਲਾਸ਼ ਦਾ ਨਾਂ ਤਾਂ ਪੋਸਟ=ਮਾਰਟਮ ਕਰਨ ਦੇਣਗੇ ਅਤੇ ਨਾਂ ਹੀ ਉਸਦਾ ਅੰਤਿਮ-ਸੰਸਕਾਰ ਕਰਾਂਗੇ। ਕੋਟਕਪੂਰਾ ਤੋਂ ਐੱਮ.ਐੱਲ.ਏ ਕੁਲਤਾਰ ਸਿੰਘ ਸੰਧਵਾਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਹੈ। ਉਹਨਾਂ ਉੱਪਰ ਪਾਏ ਪਰਚੇ ਰੱਦ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਨੂੰ ਅਪਰਾਧੀ ਨਾ ਬਣਾਇਆ ਜਾਵੇ। ਅਕਾਲੀ ਦਲ ਦੇ ਫਰੀਦਕੋਟ ਤੋਂ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ' ਵੀ ਧਰਨੇ ਵਿੱਚ ਪਹੁੰਚੇ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ ਆਮ ਲੋਕਾਂ ਦਾ ਜਿਉਣਾ ਦੱੁਭਰ ਕੀਤਾ ਹੋਇਆ ਹੈ। ਯੂਨੀਅਨ ਆਗੂਆਂ ਨੇ ਕਿਹਾ ਅਸੀਂ ਅੰਦੋਲਨ ਨੂੰ ਹੋਰ ਵੀ ਤੇਜ ਕਰਾਂਗੇ ਸਾਡਾ ਅਗਲਾ ਕਦਮ ਕੀ ਹੈ ਇਸ ਬਾਰੇ ਅਸੀਂ ਮੀਡੀਆ ਨੂੰ ਜਲਦ ਹੀ ਸੂਚਿਤ ਕਰਾਂਗੇ। ਖਬਰ ਲਿਖੇ ਜਾਣ ਤਕ ਸੁਨਣ ਵਿੱਚ ਆਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਨਾਲ ਯੂਨੀਅਨ ਦੇ ਆਗੂਆਂ ਦੀ ਗੱਲ-ਬਾਤ ਚੱਲ ਰਹੀ ਸੀ।

09ਐਫਡੀਕੇ120:- ਜੈਤੋ ਐੱਸਡੀਐੱਮ ਦਫ਼ਤਰ ਅੱਗੇ ਧਰਨੇ 'ਚ ਬੈਠੇ ਕਿਸਾਨ।