ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸੂਬੇ ਦੇ ਗੰਧਲੇ ਹੋ ਰਹੇ ਪਾਣੀ, ਹਵਾ ਨੂੰ ਬਚਾਉਣ ਲਈ ਕਈ ਵਾਤਾਵਰਣ ਪ੍ਰੇਮੀਆਂ ਨੇ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ। ਵਾਤਾਵਰਣ ਸ਼ੁੱਧ ਨਾ ਹੋਣ ਕਰ ਕੇ ਹੀ ਦਿਨ ਬ ਦਿਨ ਵੱਧ ਰਹੀਆਂ ਬਿਮਾਰੀਆਂ ਤੋਂ ਬਚਣ ਲਈ ਮਨੁੱਖ ਵੀ ਜਾਗਰੂਕ ਹੋ ਰਿਹਾ ਹੈ। ਸਿਹਤ ਮਾਹਿਰਾਂ ਵੱਲੋਂ ਸ਼ੁੱਧ ਖਾਣ ਪੀਣ ਦੇ ਦਿੱਤੇ ਜਾ ਰਹੇ ਸੁਝਾਵਾਂ ਤੋਂ ਪ੍ਰਰੇਰਿਤ ਹੋ ਕੇ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਵੀ ਕੁਦਰਤੀ ਖੇਤੀ ਨੂੰ ਅਪਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਨੌਜਵਾਨ ਵੱਲੋਂ ਘਰ 'ਚ ਹੀ ਕੁਦਰਤੀ ਖੇਤੀ ਸ਼ੁਰੂ ਕੀਤੀ ਹੋਈ ਹੈ।

ਨਰਦੇਵ ਸਿੰਘ ਲਾਡੀ ਖੇਤੀਬਾੜੀ ਦੀ ਡਿਗਰੀ ਪਾਸ ਇਸ ਨੌਜਵਾਨ ਵੱਲੋਂ ਦੋ ਸਾਲ ਪਹਿਲਾਂ ਆਪਣੇ ਘਰ ਦੀ ਬਗੀਚੀ 'ਚ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ। ਹੁਣ ਉਸ ਨੇ ਆਪਣੇ ਖੇਤ 'ਚ ਇਕ ਏਕੜ ਜ਼ਮੀਨ 'ਚ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ, ਜਿਸ 'ਚ ਸਬਜ਼ੀਆਂ ਕੱਦੂ, ਤੋਰੀ, ਭਿੰਡੀ, ਟਿੰਡੋ, ਮਿਰਚਾਂ, ਗੋਭੀ ਆਦਿ ਲਗਾਈਆਂ ਹਨ ਤੇ ਘਰ ਦੀ ਬਗੀਚੀ ਤਿੰਨ ਕਨਾਲਾਂ ਰਕਬੇ 'ਚ ਸਬਜ਼ੀਆਂ ਦੇ ਨਾਲ ਫ਼ਲਾਂ ਦੇ ਬੂਟੇ ਵੀ ਲਗਾਏ ਹੋਏ।

ਨਰਦੇਵ ਲਾਡੀ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਖੱਟੀ ਲੱਸੀ, ਧਤੂਰਾ, ਅੱਕ, ਨਿੰਮ ਦੇ ਪੱਤੇ, ਪੁਰਾਣਾ ਗੋਹਾ ਆਦਿ ਤੋਂ ਸਪਰੇਅ ਤਿਆਰ ਕਰ ਕੇ ਕੀਤੀ ਜਾਂਦੀ ਹੈ। ਜੈਵਿਕ ਖੇਤੀ ਲਈ ਪਰਾਲੀ ਆਦਿ ਨਾਲ ਬੈੱਡ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਫ਼ਸਲ ਕੀਟਾਣੂ, ਜੀਵਾਣੂ ਤੇ ਜ਼ਿਆਦਾ ਠੰਢ, ਗਰਮੀ ਤੋਂ ਬਚਦੀ ਹੈ। ਇਸ ਬੈੱਡ ਹੇਠਾਂ ਮਿੱਤਰ ਕੀਟ ਪੈਦਾ ਹੋ ਕੇ ਫ਼ਸਲ ਨੂੰ ਪ੍ਰਫ਼ੁੱਲਤ ਵੀ ਕਰਦੇ ਹਨ।

ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਵਦੀਪ ਜੌੜਾ ਨੇ ਕਿਹਾ ਕਿ ਕੁਦਰਤੀ ਖੇਤੀ ਨਾਲ ਕਿਸਾਨ ਦੀ ਆਮਦਨ 'ਚ ਚੋਖਾ ਵਾਧਾ ਹੁੰਦਾ ਹੈ। ਲੋਕ ਤੰਦਰੁਸਤ ਜੀਵਨ ਲਈ ਜ਼ਹਿਰ ਮੁਕਤ ਅਨਾਜ਼, ਸਬਜ਼ੀ, ਫ਼ਲ ਨੂੰ ਤਰਜ਼ੀਹ ਦਿੰਦੇ ਹਨ। ਅਸੀਂ ਸੈਮੀਨਾਰ ਤੇ ਸਮਾਗਮਾਂ ਰਾਹੀਂ ਕੁਦਰਤੀ ਖੇਤੀ ਕਰਨ ਤੇ ਕੁਦਰਤੀ ਖਾਧ ਖੁਰਾਕਖਾਣ ਲਈ ਵੀ ਪ੍ਰੇਰਿਤ ਕਰਦੇ ਹਾਂ।