ਸਤਨਾਮ ਸਿੰਘ ਘਾਰੂ, ਧਰਮਕੋਟ : ਲਾਗਲੇ ਪਿੰਡ ਮੰਦਰ ਕਲਾਂ ਵਿਖੇ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਪੰਚਾਇਤ ਮੈਂਬਰ ਚਰਨਜੀਤ ਸਿੰਘ (55) ਪੁੱਤਰ ਚੰਨਣ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਉਕਤ ਕਿਸਾਨ ਬੀਤੇ ਦਿਨੀਂ ਖੇਤਾਂ 'ਚ ਲੱਗੀ ਮੋਟਰ ਚਲਾਉਣ ਗਿਆ ਸੀ। ਇਸ ਦੌਰਾਨ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਕਤ ਕਿਸਾਨ ਦੀ ਆਪਣੀ ਢਾਈ ਕਿੱਲੇ ਪੈਲੀ ਸੀ, ਜਦਕਿ ਅੱਠ ਕਿੱਲੇ ਠੇਕੇ 'ਤੇ ਲੈ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਦੱਸਣਾ ਬਣਦਾ ਹੈ ਕਿ ਚਰਨਜੀਤ ਸਿੰਘ ਦੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਮੌਤ ਹੋਣ ਕਾਰਨ ਉਹ ਆਪਣੇ ਪੋਤੇ-ਪੋਤੀਆਂ ਦਾ ਇਕਲੌਤਾ ਸਹਾਰਾ ਸੀ। ਹਾਦਸੇ ਦੀ ਖਬਰ ਮਿਲਣ 'ਤੇ ਥਾਣਾ ਫਤਹਿਗੜ੍ਹ ਪੰਜਤੂਰ ਪੁਲਿਸ ਦੇ ਏਐੱਸਆਈ ਕੁਲਦੀਪ ਸਿੰਘ ਸੰਧੂ ਮੌਕੇ 'ਤੇ ਪਹੁੰਚੇ। ਉਨ੍ਹਾਂ ਮਿ੍ਤਕ ਦੀ ਪਤਨੀ ਗੁਰਮੇਲ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ।